ਮੈਂ ਹੀਰ ਬਣ ਜਨਮੀ
ਪਿਓ ਚੂਚਕ ਨੇ
ਮੇਰੇ ਹੱਥੋਂ
ਚੂਰੀ ਖੋਹੀ
ਤੇ ਸੈਦੇ ਦਾ ਲੜ ਫੜਾ ਦਿੱਤਾ।
ਮੈਂ ਤਖ਼ਤ ਹਜ਼ਾਰੇ ਵੱਸਣਾ ਸੀ
ਪਰ
ਰੰਗਪੁਰ ਜਾ ਕੇ ਉੱਜੜ ਗਈ।
ਸਿਆਲਾਂ ਤੋਂ ਰੰਗਪੁਰ ਜਾਂਦੇ
ਰਾਹ ਵਿੱਚ
ਮੈਨੂੰ ਕਿਤੇ ਵਾਰਿਸ ਨਹੀਂ ਮਿਲਿਆ ...
ਸ਼ਾਇਦ ਤਾਂ ਹੀ
ਤੁਸੀਂ
ਮੈਨੂੰ ਨਹੀ ਜਾਣਦੇ
ਕੋਈ ਵੀ ਨਹੀਂ ਜਾਣਦਾ ...
ਕਿਉਂਕਿ
ਜਿਹਨਾ ਹੀਰਾਂ ਦੇ ਭਾਗਾਂ ਵਿੱਚ
ਰਾਂਝੇ ਤੇ ਸੈਦੇ ਹੀ ਹੁੰਦੇ ਨੇ
ਵਾਰਿਸ ਨਹੀਂ ਹੁੰਦੇ
ਉਹਨਾਂ ਨੂੰ ਕੋਈ ਨਹੀਂ ਜਾਣਦਾ ॥