"ਵਾਰਿਸ ਤੇਰਾ ਤੇ ਮੇਰਾ ਹੈ ਜੋੜ ਏਕਰ
ਜਿਵੇਂ ਗਧੇ ਦੇ ਗਲ ਵਿਚ ਲਾਲ ਹੈ ਵੇ ।"
ਮਿਸਟਰ ਰਾਂਝਿਆਂ ਕੜਕ ਕੇ ਹੀਰ ਬੋਲੀ
ਤੇਰੀ ਬਣਾਂਗੀ, ਵਾਧ ਖ਼ਿਆਲ ਹੈ ਵੇ ।
ਸ਼ੀਸ਼ੇ ਵਿਚ ਤੂੰ ਵੇਖ ਲੈ ਸ਼ਕਲ ਪਹਿਲੋਂ
ਫੇਰ ਵੇਖ ਕਿੰਨਾ ਪੱਲੇ ਮਾਲ ਹੈ ਵੇ ।
ਹੱਤਕ ਮੇਰਿਆਂ ਯਾਰਾਂ ਦੀ ਕਰੇਂ ਐਵੇਂ
ਮੇਰੇ ਲਈ ਤਾਂ ਵਡੀ ਇਹ ਗਾਲ ਹੈ ਵੇ ।
ਪੈਸਾ ਹੈਗਾ ਤਾਂ ਮੈਨੂੰ ਬੁਲਾ ਰਾਂਝਾ
ਮੇਰੇ ਲਈ ਤਾਂ ਪੈਸਾ ਕਮਾਲ ਹੈ ਵੇ ।
ਪੈਸਾ ਹੈਸੀ ਤਾਂ ਤੇਰੀ ਮੈਂ ਬਣੀ ਹੈਸਾਂ
ਹੁਣ ਤੇ ਤੇਰੇ ਤੋ ਆਇਆ ਜ਼ਵਾਲ ਹੈ ਵੇ ।
ਪੈਸਾ ‘ਕੁਆਲੀ-ਫੀਕੇਸ਼ਨ' ਹੈ ਦੋਸਤੀ ਦੀ
ਦੁਨੀਆ ਘੁੰਮਦੀ ਪੈਸੇ ਦੇ ਨਾਲ ਹੈ ਵੇ।
ਪਾਕਿਟ ਨਾਲ ਹੈ ਹੀਰ ਦਾ ਮੇਲ ਡੀਅਰ
ਪਾਕਿਟ ਖ਼ਾਲੀ ਤਾਂ ਖ਼ਾਲੀ ਖਿਆਲ ਹੈ ਵੇ ।
ਡਾਕਾ ਮਾਰ ਤੇ ਕਰ ਲੈ ਬਲੈਕ ਭਾਵੇਂ
ਪੈਸਾ ਭਾਵੇਂ ਕੁਰਪਸ਼ਨ ਦੇ ਨਾਲ ਹੈ ਵੇ ।
ਹੋਣਾ ਚਾਹੀਦਾ ਹੈ ਤੇਰੇ ਪਾਸ ਪੈਸਾ
ਦਿਲ ਅਸਾਡੜਾ ਤਾਹੀਂ ਨਿਹਾਲ ਹੈ ਵੇ ।
ਪੈਸੇ ਨਾਲ ‘ਹਮਦਰਦ' ਮੁਹੱਬਤਾਂ ਨੇ
ਇਸ਼ਕ ਹੈ ਤਾਂ ਪੈਸੇ ਦੇ ਨਾਲ ਹੈ ਵੇ !