ਹੀਰ ਚਾਨਣ ਦੇ ਲਹੂ ਵਿਚ ਬਲਦੀ 

ਅੱਗ ਦੇ ਚੱਪੂ ਮਾਰਦੀ ਕੰਬਦੇ ਝਨਾਂ ਵਿਚ— 

ਰਾਂਝੇ ਦੀ ਬੰਸਰੀ ਚੋਂ ਛਲਾਂ ਮਾਰਦੇ ਕੱਪਰ 

ਜਲਾਲ ਦੇ ਪਿਆਸੇ ਲਹੂ ਵਿਚ ਡੂੰਘੇ ਡੁੱਬਦੇ– 

ਸ਼ਮਸ਼ੀਰ ਤਕ ਜ਼ਹਿਰੀ ਜਲਾਲ ਵਿਚ ਰੰਗਿਆ

ਹੀਰ ਦਾ ਲਹੂ ਕੁਰਬਾਨ ਹੋਇਆ ਹੁਸਨ ਹੈ; 

ਲਾਲ ਕੂਕਾਂ ਮਾਰਦੀ

ਯਾਰ ਦੇ ਕਦਮਾਂ ਨੂੰ ਚੁੰਮ੍ਹਦੀ, 

ਕੁਰਬਾਨ ਹੋਏ ਇਸ ਲਹੂ ਦੀ ਅੱਗ

ਸੂਲੀਆਂ ਵੱਲ ਉੱਡਦੀ-

ਜੱਲਾਦਾਂ ਦੇ ਹੱਥਾਂ ਨੂੰ ਚੁੰਮ੍ਹਦੀ।

ਹੀਰ ਦਾ ਜਿਸਮ ਤੀਰ ਬਣ ਭੱਖਦਾ !

ਤੁੰਦ ਸ਼ੀਂਹਾਂ ਦੀ ਅੱਖ ਦਾ ਅੱਥਰੂ ਜਲਿਆ

ਨਾਗਾਂ ਦੀ ਜ਼ਹਿਰ ਨੂੰ ਵਿਛੜਿਆ ਦਰਿਆ ਮਿਲਿਆ, 

ਕੁਰਬਾਨ ਹੋਏ, ਕੁਰਬਾਨ ਕਰਦੇ ਲਹੂ ਦਾ ਲੂੰਬਾ 

ਤੂਫ਼ਾਨ ਵਾਂਗ ਵੱਜਿਆ ਸਾਰੀ ਧਰਤ ਤੇ—

ਬ੍ਰਿਛਾਂ 'ਚ ਧਸ ਗਿਆ ਸੂਹਾ ਲਹੂ।

ਸੂਹੀ ਗਲਵੱਕੜੀ ਦੀ ਮਦ ਪੀਕੇ 

ਮੱਝੀਆਂ ਛਲਕਦੇ ਝਨਾਂ ਵਲ ਵੇਖਣ, 

ਜਨਮ-ਕਰਮ ਦੇ ਚੱਕਰ ਟੁੱਟ ਗਏ ਸਭੇ 

ਸਾਹਮਣੇ ਦਰਿਆ ਵਿਛਿਆ ਹੀਰ ਦੇ ਬੁੱਤ ਦਾ।

ਝਨਾਂ ਦੀ ਤਿਪ ਤਿਪ ਜਲਦੀ, ਭਸਮ ਹੁੰਦੀ, 

ਭਸਮ ਹੋਈ ਕਾਲੀ ਦਹਿਸ਼ਤ ਨੂੰ

ਮੁੜ ਲਾਲ ਸੂਹੀ ਜੀਭ ਨਾਲ ਨਿਗਲਦੀ। 

ਇਉਂ ਦਰਿਆਵਾਂ ਦੀਆਂ ਲਾਲੀਆਂ 'ਚ 

ਹੀਰ ਦਾ ਜਿਸਮ ਉੱਡਦਾ,

ਪਰ ਹੀਰ ਝਨਾਂ ਬਿਨ ਜੀਏ ਨਾ।

📝 ਸੋਧ ਲਈ ਭੇਜੋ