(ਲੰਮਾ ਗੀਤ)

ਨਜ਼ਰਾਂ ਫੇਰ ਨੂਰਾਨੀਆਂ, ਦਰਿਆਵਾਂ ਸਾਹਮੇ। 

ਜ਼ੁਲਫ਼ਾਂ ਹੱਲ ਦੀਵਾਨੀਆਂ, ਦਰਿਆਵਾਂ ਸਾਹਮੇ।

ਵੰਝਲੀ ਵਾਲਾ ਪਾ ਰਿਹਾ, 

ਨੈਂ ਵਾਂਗ ਕਹਾਣੀ :

ਉਂਞ ਤਾਂ ਸਰਵਰ ਸੁੱਕਣਾ, 

ਰੁੱਤ ਕੰਵਲ ਵਿਹਾਣੀ। 

ਕਿਸੇ ਮੁੜ ਕੇ ਆਵਣਾ 

ਇਹ ਛਾਵਾਂ ਸਾਹਮੇ।

ਨਜ਼ਰਾਂ ਫੇਰ ਨੂਰਾਨੀਆਂ

ਦਰਿਆਵਾਂ ਸਾਹਮੇ।

ਕਿਸ ਕਿਸ ਨੇ ਮੁੜ ਵੇਖਣਾ,

ਇਸ ਰੁੱਤ ਦਾ ਮੀਹਾ

ਜੱਲ੍ਹਰ ਉੱਤੋਂ ਵਰ੍ਹ ਰਿਹਾ 

ਘਟ ਵਾਂਗ ਬੰਬੀਹਾ । 

ਘੁੰਮ ਵਣਜਾਰੇ ਆਉਣਗੇ 

ਇਹ ਥਾਵਾਂ ਸਾਹਮੇ।

ਨਜ਼ਰਾਂ ਫੇਰ ਨੂਰਾਨੀਆਂ

ਦਰਿਆਵਾਂ ਸਾਹਮੇ।

ਕੰਧੀ ਉੱਤੇ ਮਉਲਿਆ, 

ਮੁੜ ਚੇਤ ਮਹੀਨਾ।

ਭਰੇ ਝਨਾਂ ਸੰਗ ਲੱਗਿਆ 

ਮੈਂ ਵਸਲ ਦਾ ਸੀਨਾ।

ਪੈੜਾਂ ਬਲ ਬਲ ਉੱਠੀਆਂ 

ਤੈਂ ਨਾਵਾਂ ਸਾਹਮੇ। 

ਨਜ਼ਰਾਂ ਫੇਰ ਨੂਰਾਨੀਆਂ 

ਦਰਿਆਵਾਂ ਸਾਹਮੇ।

ਦਿਲ ਦਾ ਕੀ ਕੁਝ ਦੱਬਿਆ, 

ਰੋ ਬਾਬਲ ਵਿਹੜੇ ?

ਕੀ ਕੁਝ ਦਿਲ ਦਾ ਮਉਲਿਆ 

ਹੱਸ ਬਾਗ਼ ਬਨੇਰੇ ?

ਕੀ ਕੁਝ ਪਈ ਛੁਪਾਨੀਆਂ 

ਦਰਿਆਵਾਂ ਸਾਹਮੇ।

ਨਜ਼ਰਾਂ ਫੇਰ ਨੂਰਾਨੀਆਂ 

ਦਰਿਆਵਾਂ ਸਾਹਮੇ।

ਥਲ ਦੀ ਗਹਿਰ 'ਚ ਅੱਟਿਆ, 

ਕੁੱਲ ਹੀਰ ਦਾ ਪੈਂਡਾ। 

ਰੰਗਪੁਰ ਵੰਨੀਂ ਝੰਗ ਦਾ

ਕੋਈ ਬੋਲ ਵੈਂਦਾ।

ਕਿਚਰਕ ਘਾਮ ਵੀਰਾਨੀਆਂ

ਦਰਿਆਵਾਂ ਸਾਹਮੇ !

ਨਜ਼ਰਾਂ ਫੇਰ ਨੂਰਾਨੀਆਂ 

ਦਰਿਆਵਾਂ ਸਾਹਮੇ।

ਧੀ ਦਾ ਬੋਲ ਪਛਾਣਿਆਂ 

ਰੋ ਸੱਥ ਬਾਬਾਣੀ। 

ਉਹੀਓ ਪੱਤਣ ਝੰਗ ਦੇ

ਉਹ ਘਨੀਅਰ ਪਾਣੀ। 

ਉਹੀਓ ਰੁੱਤ ਮਨਾਨੀਆਂ 

ਦਰਿਆਵਾਂ ਸਾਹਮੇਂ। 

ਨਜ਼ਰਾਂ ਫੇਰ ਨੂਰਾਨੀਆਂ 

ਦਰਿਆਵਾਂ ਸਾਹਮੇ।

ਭਰੇ ਝਨਾਂ ਦੇ ਹਾਣ ਦੀ,

ਕੋਈ ਖੇਡ ਬਣਾਵੇਂ।

ਅੱਥਰੇ ਵਹਿਣ ਰੰਗੀਲੜੇ

ਵਿਚ ਪਲਕ ਛੁਪਾਵੇਂ।

ਤਰਜ਼ਾਂ ਬੇ-ਮੁਹਾਨੀਆਂ

ਦਰਿਆਵਾਂ ਸਾਹਮੇ। 

ਨਜ਼ਰਾਂ ਫੇਰ ਨੂਰਾਨੀਆਂ 

ਦਰਿਆਵਾਂ ਸਾਹਮੇ।

ਰਾਤ ਝਨਾਂ ਦੀ ਫੈਲਿਆ, 

ਰੂਹ ਝੰਗ ਸੁਹਾਣਾ। 

ਸੱਥਾਂ ਤ੍ਰਿੰਞਣਾਂ ਪਿੱਪਲਾਂ, 

ਦੇ ਬੋਲ ਪਛਾਣਾਂ।

ਨਾਗ ਨੂੰ ਮੀਤ ਮੈਂ ਜਾਣਿਆਂ 

ਇਹ ਰਾਹਵਾਂ ਸਾਹਮੇ।

ਨਜ਼ਰਾਂ ਫੇਰ ਨੂਰਾਨੀਆਂ 

ਦਰਿਆਵਾਂ ਸਾਹਮੇ।

ਸਿੰਧ ਚੁਣਿਓਟ ਕੜਾਣਿਆਂ 

ਦੀਆਂ ਤ੍ਰਿੰਞਣ-ਨਾਰਾਂ, 

ਵੰਝਲੀ ਵਾਲਾ ਜਾਣਿਆਂ 

ਵਿਚ ਰੰਗਪੁਰ ਬਾਰਾਂ।

ਬੋਲ ਮਾਹੀ ਦਾ ਸਾਂਭਿਆ

ਧਰ 'ਵਾਵਾਂ ਸਾਹਮੇ।

ਨਜ਼ਰਾਂ ਫੇਰ ਨੂਰਾਨੀਆਂ 

ਦਰਿਆਵਾਂ ਸਾਹਮੇ।

ਰਾਤ ਝਨਾਂ ਵਿਚ ਵੇਖਦਾ, 

ਕੋਈ ਜੋਬਨ-ਢਾਣੀ। 

ਮੈਂਡੇ ਬੋਲ ਬਿਗਾਨੜੇ 

ਤੇ ਅਰਜ਼ ਨਿਮਾਣੀ। 

ਅੱਲ੍ਹੜ ਉਮਰ ਨਾਦਾਨੀਆਂ 

ਦਰਿਆਵਾਂ ਸਾਹਮੇ। 

ਨਜ਼ਰਾਂ ਫੇਰ ਨੂਰਾਨੀਆਂ 

ਦਰਿਆਵਾਂ ਸਾਹਮੇ।

ਨੈਣੀ ਹੀਰ ਦੇ ਸੋਂਹਦੀਆਂ, 

ਮਾਂਹ ਬਾਰਾਂ ਮੂੰਝਾਂ।

ਰਾਂਝਣ ਕੂਕ ਬੁਲਾਂਦੀਆਂ 

ਵਿਚ ਨੀਂਦਰ ਕੂੰਜਾਂ।

ਸਾਜਨ ਚਾਨਣ ਕਰਨਗੇ,

ਮੇਰੀ ਆਹਵਾਂ ਸਾਹਮੇ।

ਨਜ਼ਰਾਂ ਫੇਰ ਨੂਰਾਨੀਆਂ, 

ਦਰਿਆਵਾਂ ਸਾਹਮੇ।

ਕਿਹੜੀ ਨੀਂਦ ਦੇ ਅੰਬਰੋਂ 

ਮੈਂ ਨੈਣ ਜਗਾਵਾਂ। 

ਜ਼ੁਲਫ਼ਾਂ ਕੇਲ ਕਰੇਂਦੀਆਂ,

ਸੰਗ ਬਾਜ਼ ਝਨਾਵਾਂ।

ਧਰਤੀ ਬੋਲ ਪੁਗਾਂਵਦੀ 

ਮੇਰੇ ਸਾਹਵਾਂ ਸਾਹਮੇ।

ਨਜ਼ਰਾਂ ਫੇਰ ਨੂਰਾਨੀਆਂ, 

ਦਰਿਆਵਾਂ ਸਾਹਮੇ।

ਟੋਰ ਦੀ ਮਿੱਠੀ ਤਾਨ ਲਈ, 

ਸਿੱਕ ਸੌਂ ਗਏ ਬੇਲੇ।

ਦੀਗਰ ਵੇਲੇ ਵਿਛੜੇ, 

ਜੁੜ ਜੁੜ ਕੇ ਮੇਲੇ। 

ਅੰਬਰ ਓਹਲੇ ਖੜੀ ਮੈਂ,

ਨਾਂਹ ਆਵਾਂ ਸਾਹਮੇ।

ਨਜ਼ਰਾਂ ਫੇਰ ਨੂਰਾਨੀਆਂ,

ਦਰਿਆਵਾਂ ਸਾਹਮੇ।

ਪੱਤਣ ਜ਼ੁਲਫ਼ ਦਾ ਲੰਘਦੇ, 

ਰੋਹ ਚਰਖ ਉਚੇਰੇ।

ਸੋਹਣੀਆਂ ਪੀਰ ਦੀ ਮਿਹਰ ਵੱਲ, 

ਡਰ ਪਾਵਣ ਫੇਰੇ।

ਨੀਂਦ ਹੁਮਾ ਦੀ ਛਾਂ ਚੁੱਕ 

ਮੈਂ ਜਾਵਾਂ ਸਾਹਮੇ।

ਨਜ਼ਰਾਂ ਫੇਰ ਨੂਰਾਨੀਆਂ, 

ਦਰਿਆਵਾਂ ਸਾਹਮੇ।

ਤਲੀਆਂ ਮਹਿੰਦੀ ਰੰਗੀਆਂ, 

ਮੋਹ ਧਰਤ ਜਗਾਵਣ। 

ਸੁੰਞੇ ਦਿਲ ਵਿਚ ਦਿਲਾਂ ਦਾ 

ਕੋਈ ਮਹਿਰਮ ਲਿਆਵਣ। 

ਹੋਣ ਕਦੇ ਬੇਗਾਨੀਆਂ, 

ਦਰਿਆਵਾਂ ਸਾਹਮੇ। 

ਨਜ਼ਰਾਂ ਫੇਰ ਨੂਰਾਨੀਆਂ, 

ਦਰਿਆਵਾਂ ਸਾਹਮੇ।

📝 ਸੋਧ ਲਈ ਭੇਜੋ