ਕਿਸੇ ਬੇਨਕਸ਼ ਨੂਰ ਦੀ ਨਾਜ਼ਕ 

ਛਲ ਜ਼ਿਮੀਂ ਨੇ ਮਾਰੀ। 

ਲਸ ਲਸ ਤਾਰਿਆਂ ਦੇ ਵਿਚ ਕੰਬੀ 

ਸੁਬਕ ਤਾਨ ਜਹੀ ਨਾਰੀ।

ਮੈਨੂੰ ਝੰਗ ਦੇ ਬੇਲੇ ਦਿਸੀਆਂ, 

ਮੁੜ ਸਿਆਲਾਂ ਦੀਆਂ ਜਾਈਆਂ। 

ਤਾਨ ਬੰਸਰੀ ਦੀ ਸੁਟ ਜੁਗ ਜੁਗ 

ਅੰਬਰ ਫੜੇ ਕਲਾਈਆਂ।

ਸੁਣੀਆਂ ਰਾਤ ਵਿਚ ਤ੍ਰਿੰਝਣ ਦੀਆਂ, 

ਮੀਂਹ ਜੇਹੀਆਂ ਜੇਹੀਆਂ ਗੁੰਜਾਰਾਂ। 

ਜਜ਼ਬੇ ਜਜ਼ਬੇ ਬੰਨ੍ਹ ਦੇਂਦੀਆਂ, 

ਸਿਹਰ ਮਹੀਨ ਹਜ਼ਾਰਾਂ।

ਦਰਦ ਮੰਗੂ ਦੇ ਜ਼ਿਮੀਂ ਤੋਂ ਭਾਰੀ, 

ਖੜੇ ਰੋਸ ਵੱਡ ਤਾਣੀ— 

ਕਿੰਝ ਪੰਜਾਬੇ ਰੂਹ ਰਾਂਝਣ ਬਿਨ 

ਪੀਣ ਝਨਾਂ ਦੇ ਪਾਣੀ ?

ਕੰਧੀ ਦਿਸੇ ਕਹਿਕਸ਼ਾਂ ਵਾਂਗੂੰ, 

ਸੁਪਨਾ ਬੰਨ੍ਹ ਛਬੀਲੀ; 

ਜਿਵੇਂ ਝਨਾਂ ਦੇ ਸੀਨਿਉਂ ਨਿਕਲੀ, 

ਨਿੰਮ੍ਹੀ ਨੀਂਦ ਰਸੀਲੀ।

ਬੇਨਜ਼ੀਰ ਤਰਬ 'ਤੇ ਡਲ੍ਹਕੇ

ਪਤਲੇ ਨਕਸ਼ ਦੇ ਪਾਣੀ;

ਨਭ ਦੇ ਪਹਿਰੇਦਾਰ ਕੀ ਜਾਣਨ

ਜੋਬਨ ਖੇਡ  ਅੰਞਾਣੀ !

ਹੁਸਨ ਅਕਹਿ ਰਮਜ਼ ਦਾ ਸ਼ੀਰੀਂ 

ਨਜ਼ਰੀਂ ਸਿਹਰ ਜਗਾਵੇ।

ਭਰੇ ਝਨਾਂ ਦੇ ਵਹਿਣਾਂ ਦੀ ਚੁੱਪ

ਪਲਕਾਂ 'ਤੇ ਸ਼ਰਮਾਵੇ।

ਝੰਗ ਦੇ ਬੇਲੇ ਨਜ਼ਰਾਂ ਨੂਰੀ,

ਪਤਲੇ ਨਕਸ਼ ਪਿਆਸੇ।

ਮੁਲਕ ਦੀ ਢਾਹ ਖੋਰ ਸਕੇਗੀ, 

ਪ੍ਰੀਤ-ਵਣਾਂ ਦੇ ਪਾਸੇ।

ਤਨ ਦੀ ਮਹਿਕ ਸਮੁੰਦਰੋਂ ਡੂੰਘੀ, 

ਮਹਿਕ ਢੂੰਡੋ ਕੋਈ। 

ਖੇਡ ਧਰਤ ਦੇ ਨਕਸ਼ਾਂ 'ਤੇ ਜੋ, 

ਭੇਦ ਧਰਤ ਦਾ ਹੋਈ।

ਤਾਰਿਆਂ ਭਰੀ ਰਾਤ ਦੀ ਸਿਖਰੋਂ, 

ਡਲ੍ਹਕੇ ਤੇਜ਼ ਇਸ਼ਾਰਾ। 

ਨੈਂ ਝਨਾਂ ਵਿਚ ਲਿਖ ਕੁਝ ਮੁੜਿਆ,

ਮੁੱਢ ਕਦੀਮੀ ਤਾਰਾ।

ਕਾਲ ਦੀ ਨੈਂ ਖੋਰ ਸਕੇਗੀ,

ਰੂਪ ਦਾ ਭੇਦ ਅਪਾਰੀ।

ਡਲ੍ਹਕ ਰਹੀ ਅੰਬਰ ਦੇ ਉਹਲੇ 

ਅੱਖਰਾਂ ਦੀ ਸਰਦਾਰੀ।

ਹੀਰ ਦੇ ਕੋਮਲ ਤਨ ਚੋਂ ਉੱਠਣ 

ਰਮਜ਼ਾਂ ਵਾਂਗ ਉਕਾਬਾਂ। 

ਦੇਸ ਪੰਜਾਬ ਦੇ ਕੁਲ ਰੁੱਖਾਂ ਤੇ, 

ਦਮਕਣ ਮਿੱਠੀਆਂ ਜਾਗਾਂ।

ਜਜ਼ਬੇ ਨੂੰ ਰੰਗ ਰੰਗ ਕੇ ਆਖ਼ਰ,

ਤੁਰ ਜਾਸਨ ਵਣਜਾਰੇ।

ਲਟਬੌਰੀ ਕੋਈ ਹੇਕ ਫਿਰੇਗੀ, 

ਹਰ ਸਾਵਨ ਦੇ ਦੁਆਰੇ।

ਹੀਰ ਦੀ ਛਾਤੀ ਮੁਦਤਾਂ ਤੀਕਰ, 

ਹੜ੍ਹ ਵਸਲਾਂ ਦੇ ਖੇਲੇ। 

ਕਾਂਗ ਕਹਿਰ ਦੀ ਲੈ ਜਿਉਂ ਮੌਲੇ, 

ਵਣ ਭਾਰੀ ਅਲਬੇਲੇ।

ਲਖ ਸਾਲਾਂ ਵਿਚ ਪਿਆਸ ਬਣੇਗੀ, 

ਚਾਲ ਹੀਰ ਦੀ ਸੋਹਣੀ।

ਲਖ ਸਾਲਾਂ ਵਿਚ ਰਮਜ਼ ਹੀਰ ਦੀ

ਬੋਲ ਹੰਸ ਦਾ ਹੋਣੀ।

ਕਿਤੇ ਕੰਧੀ 'ਤੇ ਹੰਸਾਂ ਆਉਣਾ, 

ਸੁਣ ਪਿਆਸ ਦੀਆਂ ਹੂਕਾਂ। 

ਸੇਜ ਸੁਹਾਣੀ ਦੇ ਵੱਲ ਆਉਣਾ,

ਮਿਠੜੇ ਨਾਜ਼ ਮਲੂਕਾਂ।

📝 ਸੋਧ ਲਈ ਭੇਜੋ