ਦੱਸ ਨੀ ਕਲਮੇਂ ਮੇਰੀਏ ਪਿਛਲੇ ਜੁਗ ਦੀ ਬਾਤ
ਕਿੰਜ ਮਿਲੀ ਇਸ ਜਗ ਨੂੰ ਇਕ ਇਲਾਹੀ ਦਾਤ
ਸੁਣਿਐਂ ਕੁਲ ਹਿਮਾਲੀਆ ਉਸ ਦਿਨ ਉੱਠਿਆ ਨੱਚ
ਜਿਸ ਦਮ ਹੇਠਾਂ ਲੱਥਿਆ ਆਦਿ ਜੁਗਾਦੀ ਸੱਚ
ਸੁਣਿਐਂ ਸਪਤ ਸਰਿੰਗ ਤੇ ਹੋਇਆ ਜਦ ਪਰਕਾਸ਼
ਧਰਤੀ ਤਾਈਂ ਟੇਕਿਆ ਮੱਥਾ ਖ਼ੁਦ ਆਕਾਸ਼
ਹਿਮਗਰੀਆਂ ਤੇ ਉੱਠਿਆ ਕੋਈ ਨਿਰਾਲਾ ਨੂਰ
ਸਾਰਾ ਪਰਬਤ ਹੋ ਗਿਆ ਜਲਵਾ-ਏ-ਕੋਹਤੂਰ
ਨੀਲੀ ਭਾਹ ਸੀ ਮਾਰਦੀ ਬਰਫ਼ਾਂ ਦੀ ਲਿਸ਼ਕਾਰ
ਕੁਦਰਤ ਰਾਸ ਰਚਾਂਵਦੀ ਬਣ ਕੇ ਕ੍ਰਿਸ਼ਨ ਮੁਰਾਰ
ਹੇਮਕੁੰਟ ਦੀ ਬਰਫ਼ `ਚੋਂ ਜੋਤ ਹੋਈ ਪ੍ਰਚੰਡ
ਕੀਤੀ ਜਿਸ ਦੀ ਆਰਤੀ ਸਾਰੇ ਹੀ ਬ੍ਰਹਿਮੰਡ
ਬੈਠਾ ਮਹਾਂ ਤਪੱਸਵੀ ਹੋ ਕੇ ਅਛੂ ਅਛੇਦ
ਬਿਰਤੀ ਪੁਰਖ ਅਕਾਲ ਦੇ ਚਰਣਾਂ ਵਿਚ ਅਭੇਦ
ਮਹਾਂ ਨੂਰ ਦੇ ਨੂਰ ਦਾ ਨੂਰੀ ਇਕ ਆਕਾਰ
ਸੁਗਮ ਸੁਯੰਭ੍ਵ ਰੂਪ ਹੈ ਤੇਜਵੰਤ ਦੀਦਾਰ
ਜਿਸ ਦੀ ਲਗਨ ਅਡਿੱਗ ਹੈ ਜਿਸ ਦਾ ਸਬਰ ਅਡੋਲ
ਜਿਸ ਦਾ ਹਰ ਇਕ ਹੌਸਲਾ ਪਰਬਤ ਜਿਹਾ ਅਤੋਲ
ਅਜ ਦਵੈ ਤੋਂ ਹੋ ਗਿਆ ਇਕੋ ਰੂਪ ਸਰੂਪ
ਚਾਨਣ ਦਾ ਹੜ੍ਹ ਆ ਗਿਆ ਭਰ ਗਏ ਅੰਧਲੇ ਕੂਪ
ਕਲ ਵਲ ਵਹਿੰਦੀ ਰੋਸ਼ਨੀ ਦੌੜੀ ਧਰਤੀ ਵੱਲ
ਚੁੰਮ ਰਹੀ ਆਕਾਸ਼ ਨੂੰ ਉਸ ਦੀ ਹਰ ਇਕ ਛੱਲ
ਗੰਗਾ ਵਿਚ ਵੀ ਜਾ ਮਿਲੀ ਬਣ ਕੇ ਗੰਗ ਤਰੰਗ
ਜਮਨਾ ਨਾਲ ਵੀ ਟੁਰ ਪਈ ਕਰ ਕਰਕੇ ਸਤ ਸੰਗ
ਸਰਸਵਤੀ ਦੀ ਜੋਤਿਕਾ ਜਾ ਪਹੁੰਚੀ ਪਰਯਾਗ
ਮਾਨਵਤਾ ਦੀ ਮਾਂਗ ਦਾ ਗਾਉਂਦੀ ਫਿਰੇ ਸੁਹਾਗ
ਕਰ ਕਰ ਤੀਰਥ ਯਾਤਰਾ ਨਾਵੇਂ ਗੁਰੂ ਹਜ਼ੂਰ
ਰਹਿੰਦੇ ਅੱਠੇ ਪਹਿਰ ਸੀ ਬਾਣੀ ਵਿਚ ਮਖ਼ਮੂਰ
ਤੇਗ਼ ਬਹਾਦਰ ਸਾਹਿਬ ਨੂੰ ਹੋਇਆ ਇਕ ਇਲਹਾਮ
ਪੀਣਾ ਪਊ ਸ਼ਹਾਦਤੀ ਇਕ ਦਿਨ ਅਰਸ਼ੀ ਜਾਮ
ਧਰਮ ਧੁਰਿੰਦਰ ਹਰ ਘੜੀ ਏਹੀਓ ਸੋਚ ਦੁੜੌਣ
ਕਰੂ ਧਰਮ ਦੀ ਰੱਖਿਆ ਸਾਡੇ ਪਿਛੋਂ ਕੌਣ
ਕਿਸ ਨੇ ਜ਼ਿੰਦਾ ਰਖਣੀ ਦੇਸ਼ ਧਰਮ ਦੀ ਸ਼ਾਨ
ਮੁਰਦਾ ਕੌਮ 'ਚ ਪਾਵਣੀ ਕਿਸ ਨੇ ਮੁੜ ਕੇ ਜਾਨ
ਸਤਿਗੁਰ ਕਰਦੇ ਬੇਨਤੀ ਸੁਣ ਮੇਰੇ ਸਿਰਜਨਹਾਰ
ਬਖ਼ਸ਼ੋ ਦਸਵੀਂ ਜੋਤ ਨੂੰ ਖੋਲ੍ਹੋ ਦਸਮ ਦਵਾਰ
ਅਰਜ਼ ਸੁਣੀਂ ਦਾਤਾਰ ਨੇ ਤੁੱਠੇ ਪੁਰਖ ਅਕਾਲ
ਮਹਾਂ ਤੇਜ ਨੇ ਤੇਜ ਨੂੰ ਲਾਇਆ ਛਾਤੀ ਨਾਲ
ਬੋਲੇ ਸਿਰਜਨਹਾਰ ਸੀ ਉੱਠ ਮੇਰੇ ਲਾਲ ਅਟੱਲ
ਮੁਸ਼ਕਲ ਪਰਚਾ ਵਕਤ ਦਾ ਤੂੰਹੀਓਂ ਕਰਣਾ ਹੱਲ
ਮੈਂ ਆਪਣਾ ਸੂਤ ਅੱਜ ਤੋਂ ਤੈਨੂੰ ਦਿਆਂ ਨਿਵਾਜ
ਉੱਠ ਮੇਰੇ ਪੁੱਤਰ ਲਾਡਲੇ ਰੱਖ ਧਰਮ ਦੀ ਲਾਜ
ਪੰਥ ਮੇਰਾ ਇਕ ਸਾਜ ਦੇ ਖ਼ਾਲਸ ਤੇ ਬਲਬੀਰ
ਟੋਰੀਂ ਮੇਰੀ ਜਗ ਤੇ ਅਸਲੀ ਤੂੰ ਤਸਵੀਰ
ਅਗੋਂ ਸਿਰਜਨਹਾਰ ਨੂੰ ਕਿਹਾ ਇਲਾਹੀ ਨੂਰ
ਚਰਣਾਂ 'ਚੋਂ ਦਾਤਾਰ ਜੀ ਮੈਨੂੰ ਕਰੋ ਨਾ ਦੂਰ
ਤੁੱਛ ਜਿਹਾ ਮੈਂ ਭਗਤ ਹਾਂ ਅਜੇ ਨਿਮਾਣਾ ਬਾਲ
ਸ਼ਾਇਦ ਸੱਕਾਂ ਤੋੜ ਨਾ ਮੋਹ ਮਮਤਾ ਦੇ ਜਾਲ
ਬੋਲੇ ਤਦ ਦਾਤਾਰ ਸੀ ਸੁਣ ਮੇਰੇ ਸੁਤ ਗੋਬਿੰਦ
ਸਭ ਕੁਝ ਹੱਥੀਂ ਵਾਰ ਕੇ ਬਣਨਾਂ ਤੂੰ ਬਖ਼ਸ਼ਿੰਦ
ਉਠ ਮੇਰੇ ਬੀਰ ਬਹਾਦਰਾ ਮੇਰੀ ਫ਼ਤਹਿ ਗਜਾ
ਝੰਡਾ ਇਕ ਓਅੰਕਾਰ ਦਾ ਦੁਨੀਆਂ ਵਿਚ ਝੁਲਾ
ਹੱਥ ਜੋੜ ਗੋਬਿੰਦ ਨੇ ਇੰਜ ਚਲਾਈ ਬਾਤ
“ਮੇਰਾ ਮੁਝ ਮੇਂ ਕੁਛ ਨਹੀਂ ਸਭ ਕੁਛ ਤੇਰੀ ਦਾਤ"
ਮੱਨੋ ਮੇਰੀ ਬੇਨਤੀ ਅਰਜ਼ ਕਰਾਂ ਸਿਰ ਨਿਆਏ
“ਪੰਥ ਚਲੇ ਤਬ ਜਗਤ ਮੈਂ ਜਬ ਤੁਮ ਹੋਹੁ ਸਹਾਏ"
ਦੇ ਕੇ ਕੰਡ ਤੇ ਥਾਪੜਾ ਹੱਥੀਂ ਪੁਰਖ ਅਕਾਲ
ਧਰਤੀ ਉਤੇ ਟੋਰਿਆ ਆਪਣਾ ਗੋਬਿੰਦ ਲਾਲ
ਦੱਸ ਨੀ ਕਲਮੇਂ ਮੇਰੀਏ ਓਸ ਸਮੇਂ ਦਾ ਹਾਲ
ਜਿਸ ਦਮ ਆਏ ਜਗ ਤੇ ਦੁਨੀਆਂ ਦੇ ਪ੍ਰਿਤਪਾਲ
ਓਸ ਵਕਤ ਦੇ ਦਸ ਦੇ ਸਾਰੇ ਅੱਤਿਆਚਾਰ
ਦਯਾ ਧਰਮ ਤੇ ਹੋ ਰਹੇ ਕਿੱਦਾਂ ਦੇ ਸਨ ਵਾਰ
ਇਹ ਵੀ ਕਲਮੇਂ ਦਸ ਦੇ ਸੱਚੇ ਸਿਰਜਨਹਾਰ
ਕਿੱਦਾਂ ਲਾਇਆ ਆਪਣਾ ਸੱਚ ਖੰਡ ਵਿਚ ਦਰਬਾਰ
ਕਿੱਦਾਂ ਕੀਤੀ ਧਰਤ ਨੇ ਆਪਣੀ ਕੂਕ ਪੁਕਾਰ
ਕਿੱਦਾਂ ਸੁਣ ਕੇ ਬੇਨਤੀ ਬਹੁੜੇ ਬਹੁੜਣ ਹਾਰ
ਕਿੱਦਾਂ ਬਦਲੀ ਰੱਬ ਨੇ ਜ਼ੁਲਮਾਂ ਵਾਲੀ ਰੁੱਤ
ਸੱਚ ਖੰਡ ਵਿਚੋਂ ਟੋਰਿਆ ਕਿੱਦਾਂ ਆਪਣਾ ਪੁੱਤ
ਸੁਣ ਵੇ ਕਵੀਆ ਤੁਲਸੀਆ ਕਰਦੀ ਕਲਮ ਬਿਖਾਨ
ਓਸ ਵਕਤ ਦੇ ਹਾਲ ਨੂੰ ਏਦਾਂ ਕਰਾਂ ਬਿਆਨ