ਹੇ ਦਸ਼ਮੇਸ਼ ਪਿਤਾ

ਜਦ ਤੂੰ ਆਇਆ ਸਾਡੇ ਵੇਹੜੇ । 

ਹਿੰਮਤ ਆਈ ਸੁਰੱਅਤ ਆਈ । 

ਇੱਜ਼ਤ ਆਈ, ਕਿਸਮਤ ਆਈ ! 

ਮਾਣ ਇੱਜ਼ਤ ਦੀ ਦੌਲਤ ਆਈ। 

ਆਇਉਂ ਚਲਕੇ, ਕੁਦਰਤ ਆਈ । 

ਤੂੰ ਆਇਉਂ ਤੇ ਸਭ ਕੁਝ ਆਇਆ । 

ਆਈ, ਫਤਹ ਤੇ ਨੁਸਰਤ ਆਈ । 

ਕਾਂਬਾ ਛਿੜਿਆ ਕਾਇਰਤਾ ਨੂੰ 

ਬੁਜ਼ਦਿਲ ਦੇ ਵਿਚ ਗ਼ੈਰਤ ਆਈ।

ਹਾਰ ਰਹੀ ਨਾ ਨੇੜੇ ਤੇੜੇ । 

ਜਦ ਤੂੰ ਆਇਆ ਸਾਡੇ ਵੇਹੜੇ ।

ਜਦ ਤੂੰ ਆਇਆ ਸਾਡੇ ਵੇਹੜੇ ।

‘ਸੱਭੇ ਸਾਂਝੀਵਾਲ ਸਦਾਇਨ, 

ਕੋਈ ਨ ਦਿੱਸੇ ਬਾਹਰਾ ਜੀਓ ।' 

ਸ਼ਬਦ ਗੁਰੂ ਦਾ ਇਹ ਦਰਸਾ ਕੇ, 

ਜਾਤਾਂ ਦੇ ਸਭ ਫ਼ਰਕ ਮਿਟਾ ਕੇ, 

ਸਾਂਝੀ ਕੀਤੀ ਦੇਗ਼ ਕਿਸੇ ਨੇ । 

ਕ੍ਰਿਪਾ ਦੀ ਕ੍ਰਿਪਾਣ ਬਣਾਈ, 

ਢਾਲ ਬਣਾਈ, ਤੇਗ਼ ਕਿਸੇ ਨੇ । 

ਨਅਰਾ ਲਾਇਆ ‘ਜਾਗੋ ! ਜਾਗੋ ! 

ਨੁੱਕਰੇ ਲਾਉ ਸਾਰੇ ਭਾਗੋ ! 

ਵੰਡ ਛਕੋ ਤੇ ਮਿਲ ਕੇ ਖਾਉ, 

ਸੱਭੇ ਸਾਂਝੀਵਾਲ ਸਦਾਉ । 

ਵੱਟਾਂ ਬੰਨੇ ਸਾਰੇ ਢਾਉ । 

ਊਚ ਨੀਚ ਦੇ ਭੇਦ ਮਿਟਾਉ ।

ਮਾਇਆ ਮੱਤੇ ਲਵੇ ਨਾ ਲਾਉ । 

ਮਿਲਵਰਤਣ ਨੂੰ ਹੀਰ ਬਣਾਉ ।

ਦੂਰ ਹੋਏ ਦੂਈ ਦੇ ਖੇੜੇ । 

ਜਦ ਤੂੰ ਆਇਆ ਸਾਡੇ ਵੇਹੜੇ

ਜਦ ਤੂੰ ਆਇਆ ਸਾਡੇ ਵੇਹੜੇ ।

ਜਗ ਦੀ ਮਾਤਾ ਰੁਲਦੀ ਹੈਸੀ 

ਜੁੱਤੀ ਦੇ ਤੁਲ ਤੁਲਦੀ ਹੈਸੀ, 

ਇਕ ਕੌਡੀ ਦੇ ਮੁੱਲ ਦੀ ਹੈਸੀ, 

ਨਰਗਸ ਏਦਾਂ ਰੁਲਦੀ ਹੈਸੀ । 

ਤੂੰ ਇਸ ਦਾ ਸਤਿਕਾਰ ਬਣਾਇਆ । 

ਫਰਸ਼ੋਂ ਚੁਕ ਕੇ ਅਰਸ਼ ਚੜ੍ਹਾਇਆ ।

ਹੋਰ ਕ੍ਰਿਸ਼ਮਾ ਇਕ ਤੂੰ ਕੀਤਾ । 

ਪੰਜਾਂ ਦਾ ਪਰਤਾਵਾ ਲੀਤਾ । 

ਸਫਲ ਹੋਏ ਜਦ ਪਰਤਾਵੇ ਵਿਚ 

ਪੰਜਾਂ ਨੂੰ ਪਰਧਾਨ ਬਣਾਇਆ। 

ਪੰਜਾਂ ਪਾਸੋਂ ਅੰਮ੍ਰਿਤ ਛਕ ਕੇ, 

ਪੰਜਾਂ ਨੂੰ ਭਗਵਾਨ ਬਣਾਇਆ । 

ਮੰਦਿਆਂ ਦੇ ਵਿਚ ਰਹਿ ਕੇ ਫਿਰ ਵੀ 

ਬੰਦਿਆਂ ਨੂੰ ਇਕ ਜਾਨ ਬਣਾਇਆ 

ਰੱਬ ਦੇ ਬੰਦੇ ਤੂੰ ਹੀ ਆ ਕੇ, 

ਬੰਦੇ ਨੂੰ ਇਨਸਾਨ ਬਣਾਇਆ ।

 

ਮੁੱਕੇ ਸਾਰੇ ਝਗੜੇ ਝੇੜੇ। 

ਜਦ ਤੂੰ ਆਇਆ ਸਾਡੇ ਵੇਹੜੇ ।

📝 ਸੋਧ ਲਈ ਭੇਜੋ