ਹੇ ਮਹਾਨ ਜ਼ਿੰਦਗੀ

ਹੇ ਮਹਾਨ ਜ਼ਿੰਦਗੀ, ਨਮਸਕਾਰ, ਨਮਸਕਾਰ

ਹੈ ਆਸਮਾਂ ਦੇ ਦਿਲ ਵਿਸ਼ਾਲ 

ਹੇ ਉਸ਼ਾ ਦੀ ਨਵ-ਜਵਾਲ 

ਸ਼ੌਕ ਜਹੇ ਉੱਠੇ ਹਿਮਾਲ

ਮੇਰਾ ਵੀ ਦਿਲ ਵਿਸ਼ਾਲ ਕਰ

ਮੇਰੇ 'ਚ ਨਵ-ਜਵਾਲ ਭਰ 

ਮੇਰੇ ਜਵਾਂ ਖ਼ਿਆਲ ਕਰ

ਹੇ ਜ਼ਿੰਦਗੀ, ਹੇ ਜ਼ਿੰਦਗੀ, ਮੈਨੂੰ ਦੇ ਜ਼ਿੰਦਗੀ ਦਾ ਪਿਆਰ, 

ਹੇ ਮਹਾਨ ਜ਼ਿੰਦਗੀ, ਨਮਸਕਾਰ, ਨਮਸਕਾਰ

ਹੇ ਸੂਰਜਾਂ ਦੇ ਵਲ ਰਵਾਨ

ਪੰਛੀਆਂ ਦੇ ਕਾਰਵਾਨ

ਸਾਗਰ ਦੀ ਚਾਹ 'ਚ ਤੇਜ਼ ਚਾਲ

ਸਾਉਣ ਦੀ ਨਦੀ ਜਵਾਨ ;

ਦੇ ਦੇ ਮੈਨੂੰ ਪਰ ਜਵਾਨ

ਦਿਲ ਨੂੰ ਕਰ ਦੇ ਸ਼ੌਕਵਾਨ

ਜ਼ਿੰਦਗੀ ਅਵਾਰਾ ਕਰਦੇ ਮੰਜ਼ਿਲਾਂ ਦੀ ਖੋਜ ਵਿਚ 

ਤੂੰ ਮੇਰੇ ਅੰਗ ਅੰਗ ਨੂੰ ਬਣਾ ਦੇ ਪੰਛੀਆਂ ਦੀ ਡਾਰ

ਹੇ ਮਹਾਨ ਜ਼ਿੰਦਗੀ, ਨਮਸਕਾਰ, ਨਮਸਕਾਰ

 

📝 ਸੋਧ ਲਈ ਭੇਜੋ