ਜੇ ਬੱਚਿਆਂ ਦੀਆਂ ਸਹੁੰਆਂ ਖਾਂਦੀਆਂ
ਮਾਵਾਂ ਵੀ ਝੂਠੀਆਂ ਹਨ
ਤਾਂ ਮੈਂ ਤੇਰੀ ਇਸ ਦੁਨੀਆ ਦਾ ਕੀ ਕਰਨਾ ਹੈ ਮੌਲਾ
ਦੁਨੀਆ ਇਹ ਆਪਣੀ ਤੂੰ ਵਾਪਸ ਲੈ ਲੈ
ਜੇ ਹਰ ਸ਼ੈਅ ਖਾਲੀ ਹੈ
ਸਾਰੇ ਸ਼ਬਦ ਮਹਿਜ਼ ਪਰਦੇ ਹਨ
ਹੰਝੂ ਸਿਰਫ ਖਾਰਾ ਪਾਣੀ ਹੈ
ਜੇ ਸਾਰੀ ਧਰਤੀ ਪੋਲੀ ਹੈ
ਤਾਂ ਮੈਂ ਕਿਸ ਥਾਂ ਖਲੋਵਾਂ
ਕਿਨ੍ਹਾਂ ਹੰਝੂਆਂ ਤੇ ਯਕੀਨ ਕਰਾਂ
ਮੈਨੂੰ ਕੋਈ ਹੱਥ ਚਾਹੀਦਾ ਹੈ
ਪਾਰ ਜਾਣ ਲਈ
ਕਦਮ ਰੱਖਣ ਲਈ ਕੋਈ ਥਾਂ ਚਾਹੀਦੀ ਹੈ
ਸਿਜਦਾ ਕਰਨ ਲਈ
ਦੋ ਸੁੱਚੇ ਹੰਝੂ
ਨੀਮ ਰੌਸ਼ਨੀਆਂ ਦੇ ਸੰਸਾਰ ਨੂੰ
ਜਦ ਦਿਨ ਚੜ੍ਹੇ ਤੋਂ ਦੇਖੀਦਾ ਹੈ
ਸ਼ਬਦ ਜਦ ਡਿਗ ਪੈਂਦੇ ਹਨ
ਕੱਚੀ ਦੀਵਾਰ ਦੀ ਤਰਾਂ
ਤੇ ਧਰਤੀ ਜਦ ਪਾਟ ਜਾਂਦੀ ਹੈ
ਤਾਂ ਬੰਦਾ ਤੇਰੇ ਵੱਲ ਦੇਖਦਾ ਹੈ
ਕੋਈ ਹੱਥ ਦੇਹ
ਪਾਰ ਲਾਉਣ ਵਾਲਾ
ਨਹੀਂ ਤਾਂ ਦੁਨੀਆ ਆਪਣੀ ਇਹ
ਵਾਪਸ ਮੋੜ ਲੈ