ਹੇ ਮੇਰੇ ਕਰਤਾਰ

ਤੇਰੇ ਇਸ ਸੰਸਾਰ ਵਿਚ 

ਹੇ ਮੇਰੇ ਕਰਤਾਰ।

ਰਿਸ਼ਵਤ ਖੋਰੀ ਭੁਖ਼-ਮਰੀ

ਦਾ ਹੈ ਗਰਮ-ਬਜ਼ਾਰ ।

ਜ਼ੋਰ ਸਮਗਲਿੰਗ ਫੜ ਗਈ 

ਮਹਿੰਗਾਈ ਆਪਾਰ ।

ਚਿੱਟੇ ਚਾਨਣ ਹੋ ਰਿਹੈ

ਕਾਲਖ ਦਾ ਬਿਉਪਾਰ ।

ਜਨਤਾ ਨੂੰ ਹਨ ਲੁੱਟਦੇ

ਜਨਤਾ ਦੇ ਸਰਦਾਰ।

ਫੁੱਲਾਂ ਸ਼ਕਲ ਵਟਾ ਲਈ 

ਤਿੱਖੇ ਖ਼ਾਰਾਂ ਹਾਰ ।

ਇਕ ਪਾਸੇ ਹੈ ਲੀਡਰਾਂ

ਇਕ ਪਾਸੇ ਸਰਕਾਰ।

ਏਧਰ ਓਧਰ ਚੋਰ ਹਨ

ਤੇ ਜਨਤਾ ਵਿਚਕਾਰ ।

ਏਨ੍ਹਾਂ ਤੋਂ ਭੈ ਭੀਤ ਹੋ

ਨਾ ਰੋਂਦੀ ਕਰੇ ਪੁਕਾਰ । 

ਗੁਰੂ ਨਾਨਕ ਸੀ ਪੁਛਿਆ

ਵੇਖ ਕੇ ਪੈਂਦੀ ਮਾਰ।

"ਤੈਂ ਕੀ ਦਰਦ ਨ ਆਇਆ 

ਹੇ ਮੇਰੇ ਕਰਤਾਰ ?"

ਫੇਰ ਗੁਰਾਂ ਵਲ ਵੇਖਦਾ

ਇਹ ਦੁਖੀਆ ਸੰਸਾਰ।

ਤਾਂ ਜੋ ਕਰੇ ਪੁਕਾਰ ਉਹ

ਫਿਰ ਤੇਰੇ ਦਰਬਾਰ ।

“ਜਗਤ ਜਲੰਦਾ ਰਖ ਲੈ

ਅਪਣੀ ਕਿਰਪਾ ਧਾਰ ।”

📝 ਸੋਧ ਲਈ ਭੇਜੋ