ਹਿਜਰ ਵਸਲ ਦੀ

ਹਿਜਰ ਵਸਲ ਦੀ ਉਹੋ ਪਹਿਲੀ ਚਾਲ ਅਜੇ।

ਅਪਣੀ ਹਾਲਤ ਉਹੋ ਸਾਲੋ ਸਾਲ ਅਜੇ।

ਸੂਰਜ ਅੱਗੇ ਕਿਸੇ ਰਾਤ ਦਾ ਜ਼ੋਰ ਨਹੀਂ,

ਸੂਰਜ ਨੂੰ ਹੈ ਕਿਸੇ ਰਾਤ ਦੀ ਭਾਲ ਅਜੇ।

ਸੁਫ਼ਨੇ ਵਿਚ ਮੈਂ ਡੁੱਬਦਾ ਸੂਰਜ ਵੇਖ ਲਿਆ, 

ਜਾ ਨੀ ਰਾਤੇ! ਤੇਰਾ ਹੈ ਇਕਬਾਲ ਅਜੇ।

ਦੁਨੀਆਂ ਭਰਮ ਭੁਲੇਖੇ ਨਾਲ ਜਿਊਂਦੀ ਏ, 

ਜੀਣਾ ਤਾਂ ਭਰਮ ਭੁਲੇਖੇ ਪਾਲ ਅਜੇ।

ਮੇਰੇ ਔਗੁਣ ਲਿਸ਼ਕ ਰਹੀ ਤਲਵਾਰ ਜਿਹੇ, 

ਤੇਰੇ ਸਦਗੁਣ ਤੇਰੇ ਹੱਥ ਵਿਚ ਢਾਲ ਅਜੇ।

ਕੁਝ ਸੱਧਰਾਂ, ਮਹਿਰੂਮੀਆਂ, ਤੇ ਕੁਝ ਕਸਕਾਂ, 

ਤੇਰੀ ਮੇਰੀ ਦੁਨੀਆਂ ਹੈ ਖੁਸ਼ਹਾਲ ਅਜੇ।

ਇਹ ਵੀ ਰਸਤਾ ਦੱਸਣ ਵਾਲੇ ਤਾਰੇ ਨੇ, 

ਮੇਰੇ ਵੱਲ ਕੁਝ ਪੱਥਰ ਹੋਰ ਉਛਾਲ ਅਜੇ।

📝 ਸੋਧ ਲਈ ਭੇਜੋ