ਹਿਜਰਤ ਦੇ ਵਕਤ ਖ਼ਬਰੇ ਕਿਸ ਨੇ ਕਿਹਾ :
ਪਰਖ ਲੈ ਹੁਣੇ ਹੁਣੇ ਆਪਣੀ ਨਵੀਂ ਤਾਕਤ ਨੂੰ
ਚੁਕ ਲੈ ਮਲਕੜੇ ਢਠੀਆਂ ਦੀਵਾਰਾਂ
ਮਘੋਰੀਆਂ ਛੱਤਾਂ
ਸੜਦੇ ਬੂਹੇ ਬਾਰੀਆਂ ਦੇ ਇੰਜਰ-ਪਿੰਜਰ
ਰਸਤੇ ਵਿਚ ਸਭ ਨੂੰ ਜੋੜ ਲਵਾਂਗੇ
ਡੋਬ ਕੇ ਨਦੀ ਵਿਚ ਸੜਦੀਆਂ ਹਵੇਲੀਆਂ
ਅੱਗ ਬੁਝਾ ਲਵਾਂਗੇ
ਰਾਤ ਸੁਖ ਦੀ ਬੀਤੇਗੀ
ਇਕ ਦੀਵਾਰ ਸਾਰੀ ਦੀ ਸਾਰੀ ਮੈਂ ਖੜੀ ਵੀ ਕੀਤੀ
ਮੇਰੇ ਗਿੱਟੇ ਤਕ ਆਉਂਦੀ ਸੀ
ਅੰਦਰ ਦੇ ਭਾਂਬੜ ਹੋਰ ਮਚ ਕੇ ਕਿਹਾ :
ਸੂਰਜ ਦੇ ਸਿਰ ਤੇ ਮਲਬਾ
ਮੈਂ ਚੁੱਕਣ ਨਹੀਂ ਦੇਣਾ
ਪਹਿਲੀ ਵਾਰ ਮੈਨੂੰ ਮੇਰਾ ਕੱਦ ਮਿਲਿਆ ਹੈ
ਕਤਰ ਕੇ ਛਾਂਗ ਕੇ ਹੁਣ ਨਹੀਂ ਕਰਨਾ
ਮੱਧਰੀ ਦੀਵਾਰ ਦੇ ਮੇਚ
ਉਗਿਆ ਦਿਉਦਾਰ ਮੈਂ
ਰਾਤੀਂ ਨਹੀਂ ਸੌਣਾ ਸੁੰਗੜ ਕੇ
ਅੱਠ ਗੁਣਾ ਅੱਠ ਦੇ ਕਮਰੇ ਵਿਚ
ਕਮਰੇ ਵਿਚ ਸੌਂ ਕੇ ਅੰਬਰ ਬੁਝ ਜਾਂਦਾ ਹੈ
ਹਿਜਰਤ ਦੇ ਵਕਤ
ਮੈਨੂੰ ਨੰਗਾ ਹੀ ਜਾਣ ਦਿਓ
ਅੱਗ ਦੇ ਪਿੰਡੇ ਨੇ ਝੱਗਾ ਨਹੀਂ ਪਾਉਣਾ