ਹਿਜਰਤ ਦੇ ਵਕਤ ਮੈਨੂੰ ਸ਼ਹਿਰ ਨੇ ਕਿਹਾ
ਮੇਰੇ ਰਸੂਲ
ਜਾਣ ਤੋਂ ਪਹਿਲਾਂ ਮੈਨੂੰ ਇਹ ਤਾਂ ਦਸ ਜਾ
ਤੇਰੇ ਮੁੜ ਆਉਣ ਤਕ ਮੈਂ ਬਲਦਾ ਰਹਾਂ
ਕਿ ਬੁਝ ਜਾਵਾਂ ?
ਵਰ੍ਹਿਆ ਤੋਂ ਮੈਂ ਸਿੱਲ੍ਹਾ
ਮੇਰੇ ਅੰਗ ਪਾਣੀ-ਮਾਰ
ਕਾਇਆ ਗਿੱਲੇ ਬਾਲਣ ਵਿਚ
ਸੂਹੀ ਅੱਗ ਭੜਕੀ ਪਹਿਲੀ ਵਾਰ
ਤੇ ਤੂੰ ਤੁਰ ਚਲਿਐਂ !
ਤੂੰ – ਮੇਰੀ ਅੱਗ ਵਿਚੋਂ ਨਿਕਲਿਆ
ਸੜਦਾ-ਬਲਦਾ ਸੂਰਜ
ਮੇਰੇ ਰਸੂਲ
ਜਾਣ ਤੋਂ ਪਹਿਲਾਂ ਮੈਨੂੰ ਇਹ ਤਾਂ ਦਸ ਜਾ
ਨਦੀ ਪਾਰ ਜਾ ਕੇ ਜੀਉਂਦੀ ਅੱਗ ਵੰਡ ਦੇਵੇਂਗਾ
ਜਾਂ ਉਰਲੇ ਕਿਨਾਰੇ ਮੇਰੀ ਅੱਗ ਦਫ਼ਨਾ ਕੇ
ਵਾਪਸ ਮੁੜ ਆਵੇਂਗਾ ?
ਔਹ ਜੋ ਮੇਰੀ ਸੜਕ ਉਤੇ ਪਿੰਜਰ ਇਕ ਦਿਸਦਾ ਹੈ
ਜ਼ਿੰਦਾ ਹੈ
ਉਹ ਮੇਰੀ ਧੀ ਹੈ
ਹਾਕਮਾਂ ਨੇ ਉਹਦੇ ਜਿਸਮ ਤੋਂ ਕਪੜੇ ਨਹੀਂ ਲਾਹੇ
ਕਪੜੇ ਸਮੇਤ ਪੂਰਾ ਜਿਸਮ ਲਾਹ ਦਿੱਤਾ ਹੈ
ਕਿਹੜੀ - ਸ਼ਰਮ ਹੈ, ਕਿਹੜੀ ਬੇਸ਼ਰਮ ਹੈ ?
ਸ਼ੁਕਰ ਹੈ ਰੱਬ ਦਾ
ਕੋਈ ਪਹਿਚਾਨ ਬਾਕੀ ਨਹੀਂ ਰਹੀ
ਬਾਕੀ ਹੈ ਹਾਲੇ ਵੀ ਪਿੰਜਰ ਵਿਚ ਲੱਜਿਆ
ਓਸ ਸ਼ੋਹਦੀ ਨੇ ਨੰਗੀ ਚੀਚੀ ਤੇ
ਮੁੰਦਰੀ ਪਹਿਨ ਰੱਖੀ ਹੈ
ਮੇਰੇ ਰਸੂਲ
ਜਾਣ ਤੋਂ ਪਹਿਲਾਂ ਮੈਨੂੰ ਇਹ ਤਾਂ ਦਸ ਜਾ
ਤੇਰੇ ਮੁੜ ਆਉਣ ਤਕ
ਉਹ ਮੁੰਦਰੀ ਪਹਿਨ ਰੱਖੇ
ਜਾਂ ਉਤਾਰ ਕੇ ਸੁਟ ਦੇਵੇ ?