ਹਿਲਦਾ ਬੁੱਤ ਮੈਂ ਦੇਖਦਾ, ਫੇਰ ਝਨਾਂ ਦੇ ਤੀਰ,
ਕੰਧੀ ਕੰਧੀ ਆਂਵਦਾ, ਚੋਲਾ ਸਬਜ਼ ਫ਼ਕੀਰ।
ਦਾੜ੍ਹੀ ਪੀਰ ਸਫ਼ੈਦ ਜਿਉਂ, ਲੱਖ ਰਹਿਮ ਦੀ ਤਾਰ।
ਕੋਟਾਂ ਭੇਦ ਲਪੇਟ ਲਏ, ਸਮਿਆਂ ਦੀ ਦਸਤਾਰ।
ਜੀਂਦੇ ਮਸਤਕ ਹੀਰ ਦਾ, ਇੱਕੋ ਇਕ ਈਮਾਨ,
ਜੈਂਦੇ ਆਂਗਣ ਤੁਰਦੀਆਂ, ਪਾਉਣ ਹਦੀਸਾਂ ਸ਼ਾਮ।
ਜੈਂਦੀਆਂ ਅੱਖੀਆਂ ਦੇਂਦੀਆਂ, ਸੈ ਸਿੰਧਾਂ ਦੀ ਸਾਰ,
ਜਿਸਨੇ ਜੋਬਨ ਭੇੜਿਆ, ਵੱਡ ਮਲਕਾਂ ਦੇ ਬਾਰ।
ਚਾੜ੍ਹੀ ਜਿਸਨੇ ਜਿੰਦ 'ਤੇ, ਸਬਰ-ਹੁਸਨ ਦੀ ਸਾਨ,
ਵਾਹੇ ਪਤਣ ਝਨਾਂ ਤੋਂ, ਵਲ ਕਿਆਮਤ ਵਾਣ।
ਘੇਰੇ ਰਾਹ ਜਿਸ ਮੌਤ ਦੇ, ਪਾ ਜੋਬਨ ਦੀ ਧੂਹ,
ਢੋਲ ਵਜਾ ਕੇ ਹਸ਼ਰ ਦਾ, ਦੇਸ ਪੰਜਾਬ ਦੀ ਜੂਹ।
ਮਹਿਰਮ ਮੁੱਢ ਕਦੀਮ ਦਾ, ਦਿਸੇ ਝਨਾਂ ਦੇ ਤੀਰ,
ਕੰਧੀ ਕੰਧੀ ਆਂਵਦਾ, ਚੋਲਾ ਸਬਜ਼ ਫ਼ਕੀਰ।