ਜੁਝਾਰ ਸਿੰਘ ਦੀ ਅਗਵਾਈ ਵਿੱਚ ਹਿੰਮਤ ਹਿੰਮਤ ਕਰ ਤੁਰਿਆ!
ਭੁੱਖੇ ਜਿਊ ਬਘਿਆੜਾਂ ਵਾਂਗੂੰ ਮੁਗ਼ਲ ਫੌਜ਼ ਤੇ ਜਾ ਵਰਿਆ!
ਘੋੜਿਆਂ ਤੋਂ ਪਲਟਾ ਕੇ ਸੁੱਟੇ ਜ਼ਾਲਮ ਰੋਡੇ ਭੋਡੇ ਸੀ!
ਹਿੰਮਤ ਸਿੰਘ ਦੀ ਹਿੰਮਤ ਅੱਗੇ ਮੁਗਲ ਟੇਕ ਗਏ ਗੋਡੇ ਸੀ!
ਐਸੇ ਵਾਰ ਤੇਗ਼ ਦੇ ਕੀਤੇ ਦਿੱਤੇ ਖੋਲ ਲੰਗਾਰੇ ਸੀ!
ਬੌਹੜੀ-ਬੌਹੜੀ ਕਰਦੇ ਜ਼ਾਲਮ ਬਹੁਤੇ ਜੋ ਹੰਕਾਰੇ ਸੀ!
ਡੱਕਰੇ-ਡੱਕਰੇ ਕਰ-ਕਰ ਸੁੱਟੇ ਨਾਲ ਤੇਗ ਦੇ ਮੋਢੇ ਸੀ!
ਹਿੰਮਤ ਸਿੰਘ ਦੀ ਹਿੰਮਤ ਅੱਗੇ ਮੁਗਲ ਟੇਕ ਗਏ ਗੋਡੇ ਸੀ!
ਮੱਚ ਗਈ ਰਣ ਵਿੱਚ ਤੜਥੱਲੀ ਵੈਰੀ ਹੋਸ਼ ਗਵਾ ਬੈਠੇ!
ਹੱਥ ਸ਼ੇਰ ਦੀ ਮੁੱਛ ਨੂੰ ਗਿੱਦੜੋ ਹਿੰਮਤ ਕਹਿੰਦਾ ਪਾ ਬੈਠੇ!
ਨੱਸ ਤੁਰੇ ਸਨ ਦੁਸ਼ਮਣ ਰਣ ਚੋ" ਹੋ ਕੇ ਕੋਡੇ - ਕੋਡੇ ਸੀ!
ਹਿੰਮਤ ਸਿੰਘ ਦੀ ਹਿੰਮਤ ਅੱਗੇ ਮੁਗਲ ਟੇਕ ਗਏ ਗੋਡੇ ਸੀ!
ਢਾਲਾਂ ਦੇ ਨਾਲ ਤੇਗਾਂ ਖੜਕਣ ਪੈਣ ਪਟਾਕੇ ਜ਼ੋਰਾਂ ਦੇ!
ਲੋਥਾਂ ਉੱਤੇ ਚੜੀਆਂ ਲੋਥਾਂ ਪੈਂਰ ਉੱਖੜ ਗਏ ਚੋਰਾਂ ਦੇ!
ਧੜਾਂ ਤੋਂ ਏਦਾਂ ਸੀਸ ਲੰਮਦੇ ਜੌਂ ਟਾਹਣੀਓ ਲੰਮਣ ਡੋਡੇ ਸੀ!
ਹਿੰਮਤ ਸਿੰਘ ਦੀ ਹਿੰਮਤ ਅੱਗੇ ਮੁਗਲ ਟੇਕ ਗਏ ਗੋਡੇ ਸੀ!
ਐਸੇ ਕੀਤੇ ਵਾਰ ਸੀ ਭਰਵੇਂ ਸਿਰ ਰਿੜੇ ਵਾਂਗ ਟਿੰਡਾਂ ਦੇ!
ਬੀਰ ਤਾਈ ਦੀ ਖਬਰ ਫੈਲ ਗਈ ਦੂਰ-ਦੂਰ ਤੱਕ ਪਿੰਡਾਂ ਦੇ!
ਬੁਰਜ਼ ਪਲਾਂ ਵਿੱਚ ਢੇਰੀ ਕਰਤੇ ਬੇਸ਼ੱਕ ਉੱਚੇ ਅੋਡੇ ਸੀ!
ਹਿੰਮਤ ਸਿੰਘ ਦੀ ਹਿੰਮਤ ਅੱਗੇ ਮੁਗਲ ਟੇਕ ਗਏ ਗੋਡੇ ਸੀ!
'ਸੱਤਿਆ' ਬੀਰ ਬਹਾਦੁਰ ਨੇ ਪੂਰਾਂ ਦੇ ਪੂਰ ਖਪਾ ਦਿੱਤੇ!
ਆਖਰੀ ਦਮ ਤੱਕ ਤੇਗ਼ ਚਲਾ ਕੇ ਵੈਰੀ ਧਰਤ ਲਟਾ ਦਿੱਤੇ!
ਪਹਿਲਾਂ ਵੀ ਕਈ ਵਾਰੀ ਰੋਲੇ ਵੱਡ ਵਡੇਰੇ ਥੋਡੇ ਸੀ!
ਹਿੰਮਤ ਸਿੰਘ ਦੀ ਹਿੰਮਤ ਅੱਗੇ ਮੁਗਲ ਟੇਕ ਗਏ ਗੋਡੇ ਸੀ!