ਹਿੰਦ-ਪਾਕ ਦੋ ਦੇਸ਼

ਹਿੰਦ-ਪਾਕ ਦੋ ਦੇਸ਼ ਇਕ ਹਾਲ !

ਹੱਥ ਬੰਨ੍ਹੇ ਸਭ ਦੇ ਮੁਲਕ ਮੇਰੇ ਦਿਆਂ ਚੋਰਾਂ ਨੇ,

ਕੁਝ ਨਸ਼ਿਆਂ ਨੇ ਪੱਟਿਆ, ਕੁਝ ਪੱਟਿਆ ਰਿਸ਼ਵਤਖੋਰਾਂ ਨੇ।

ਇਥੇ ਠਰਕੀ ਰੇਪੀ ਬਾਬੇ ਵੀ ਹਜ਼ਾਰਾਂ ਨੇ,

ਇਥੇ ਲੁੱਚੇ ਲੀਡਰ, ਵਿੱਚ ਘੁੰਮਦੇ ਚਿੱਟੀਆਂ ਕਾਰਾਂ ਦੇ।

ਇਹ ਕਹਿੰਦੇ ਸੌਂ ਜਾਓ, ਸੁੱਤੇ ਰਹੋ ਤੇ ਉਠਿਓ ਨਾ,

ਕੋਈ ਜਾਗ ਜਾਵੇ ਤਾਂ ਚਲਦੀਆਂ ਫਿਰ ਤਲਵਾਰਾਂ ਨੇ।

ਪਰ ਕੋਈ ਕਿਓਂ ਜਾਗੇ ਹੁਣ ਕੋਈ ਜਾਗਣਾ ਚਾਹੁੰਦਾ ਨਹੀਂ,

ਅੱਗ ਗੁਆਂਢ ਵੇਖਕੇ ਸਾਡਾ ਦਿਲ ਘਬਰਾਉਂਦਾ ਨਹੀਂ।

ਪਰ ਬੁੱਢੇ ਹੱਡਾਂ ਦੇ ਦੁਖ ਵੀ ਰਾਜਨਾ ਭਾਰੇ ਨੇ,

ਤੇ ਜੁਆਨ ਲਹੂ ਤਾਂ ਘੁੱਪ ਨਸ਼ਿਆਂ ਨੇ ਠਾਰੇ ਨੇ।

ਹੁਣ ਪੰਥ ਦੇ ਠੇਕੇਦਾਰ ਐਯਾਸ਼ੀ ਕਰਦੇ ਨੇ,

ਧਰਮ ਦੇ ਨਾ ਤੇ ਖੂਬ ਸਿਆਸੀ ਕਰਦੇ ਨੇ।

ਇਥੇ ਬਲਾਤਕਾਰੀਆਂ ਦੇ ਵੱਡੇ ਵੱਡੇ ਡੇਰੇ ਨੇ,

ਅੱਜ ਅਕਾਲ ਤਖਤ ਵੀ ਠੇਕੇਦਾਰਾਂ ਨੇ ਘੇਰੇ ਨੇ।

ਇਥੇ ਚੋਰ ਸਮਝਦੇ ਖੁਦ ਨੂੰ ਰਾਜੇ ਸਿਆਸਤ ਦੇ,

ਇਹ ਤੋਹਫੇ ਮਿਲੇ ਨੇ ਸਾਨੂੰ ਵਿੱਚ ਵਿਰਾਸਤ ਦੇ?

ਲੜਾਕੇ ਹਿੰਦ-ਪਾਕ ਨੂੰ ਆਪ ਚੁਸਕੀਆਂ ਭਰਦੇ ਨੇ

ਕੀ ਫਰਕ ਪੈਂਦਾ ਪੁੱਤ ਤਾਂ ਮਾਵਾਂ ਦੇ ਮਰਦੇ ਨੇ।

ਕੁਝ ਪੁੱਤ ਨਸ਼ਿਆਂ ਨੇ ਮਾਰੇ ਕੁਝ ਮਾਰੇ ਬੇਰੁਜ਼ਗਾਰੀ ਨੇ,

ਬਾਕੀ ਜੋ ਬਚੇ ਸੀ ਉਹ ਖਿੱਚਲੇ ਜਹਾਜ਼ ਦੀ ਬਾਰੀ ਨੇ।

ਸੀ ਪਹਿਲਾਂ ਕਹਿੰਦੇ ਮਾਪੇ ਮੁੜ ਪੁੱਤਰਾ ਵਤਨਾ ਨੂੰ,

ਪਰ ਹੁਣ ਸੋਚ ਬਦਲ ਗਈ ਬੋਲ ਬਦਲ ਗਏ ਮਾਪਿਆਂ ਦੇ,

ਢਲੀਆਂ ਛਾਵਾਂ ਬੋਹੜ ਦੀਆਂ ਕਿੱਕਰਾਂ ਸੁੱਕੀਆਂ ਲਗਦੀਆਂ ਨੇ,

ਵਗਣ ਹਵਾਵਾਂ ਤੱਤੀਆਂ, ਸੱਥਾਂ ਸੁੰਨੀਆਂ ਲਗਦੀਆਂ ਨੇ,

ਢਲ ਗਏ ਦਿਨ ਜਵਾਨੀ ਢਲ ਗਈ ਪੁੱਤ ਨੂੰ ਉਡੀਕ ਦਿਆਂ,

ਲੰਘ ਗਿਆ ਵੇਲਾ ਮਿਲਣ ਦਾ, ਆਈਆਂ ਘੜੀਆਂ ਆਖੀਰ ਦੀਆਂ

ਸਾਉਣ ਮਹੀਨੇ ਜਦ ਵੀ ਬੱਦਲ ਚੜ੍ਹ ਕੇ ਆਉਂਦੇ ਨੇ,

ਚੇਤੇ ਵਿਛੜੇ ਪੁੱਤ ਦੇ ਸੀਨੇ ਮਾਂਵਾਂ ਦੇ ਅੱਗ ਲਾਉਂਦੇ ਨੇ।

ਜਵਾਨ ਦੇਸ਼ ਮੇਰੇ ਦੇ ਨਿੱਤ ਜਹਾਜੇ ਚੜ੍ਹ ਜਾਂਦੇ ,

ਪਿੱਛੇ ਠੇਡੇ ਖਾਣ ਨੂੰ ਬੁਢੜੇ ਮਾਪੇ ਛੱਡ ਜਾਂਦੇ।

ਬਚ ਗਈ ਬੇਰੁਜ਼ਗਾਰੀ ਨਸ਼ਿਆਂ ਦੇ ਵਿੱਚ ਸੜ ਚੱਲੀ,

ਅਰਥੀ ਬਾਪੂ ਦੀ ਵੀ ਗੈਰ ਮੋਢੇ ਤੇ ਚੜ੍ਹ ਚਲੀ

ਅਰਥੀ ਬਾਪੂ ਦੀ ਵੀ ਗੈਰ ਮੋਢੇ ਤੇ ਚੜ੍ਹ ਚਲੀ....

📝 ਸੋਧ ਲਈ ਭੇਜੋ