ਹਿੰਦੋਸਤਾਨੀਓਂ ਜਾਗੋ ਤੇ ਜਾਗ ਲਾਓ

ਹਿੰਦੋਸਤਾਨੀਓਂ ਜਾਗੋ ਤੇ ਜਾਗ ਲਾਓ,

ਐਸੀ ਜਾਗ ਕਿ ਮਨ ਦਾ ਮਾਨ ਜਾਗੇ ।

ਟੁੱਟ ਜਾਏ ਜ਼ੰਜੀਰ ਗ਼ੁਲਾਮੀਆਂ ਦੀ,

ਜੇ ਆਜ਼ਾਦੀਆਂ ਦੇ ਕਦਰਦਾਨ ਜਾਗੇ ।

ਏਹੋ ਵੇਲਾ ਹੈ ਅਸਾਂ ਦੇ ਜਾਗਣੇ ਦਾ,

ਜਾਗੇ ਸਿੱਖ ਹਿੰਦੂ ਮੁਸਲਮਾਨ ਜਾਗੇ ।

ਜਾਗੇ ਅਸੀਂ ਤਾਂ ਅਸਾਂ ਦੀ ਆਨ ਜਾਗੇ,

ਜਾਗੇ ਆਬਰੂ ਧਰਮ ਈਮਾਨ ਜਾਗੇ ।

ਇਕ ਜਾਨ ਹੋ ਜਾਓ ਜਾਨ ਮੇਰੀ,

ਨਾਅਰਾ ਜਾਨ ਫ਼ਰਮਾਨ ਦੀ ਜਾਨ ਜਾਗੇ ।

ਹਿੰਦੋਸਤਾਨ ਕੀਹ ਸਾਰਾ ਜਹਾਨ 'ਦਾਮਨ',

ਜੇ ਸਲੂਕ ਕਰ ਲੋ ਇਕਸੇ ਆਨ ਜਾਗੇ ।

 

📝 ਸੋਧ ਲਈ ਭੇਜੋ