ਹਿੰਦੂ ਸਿੱਖ ਏਕਤਾ

ਹਿੰਦੂਓ ਤੇ ਸਿੱਖੋ ਮੇਰੇ ਦੇਸ਼ ਦਿਓ ਰਾਖਿਓ।

ਦੁੱਧ ਵਾਂਗ ਚਿੱਟਿਓ ਤੇ ਮਿੱਠੇ ਵਾਂਗ ਮਾਖਿਓ॥

ਚੰਨ ਨਾਲੋਂ ਸੋਹਣਿਓ ਦੇਸ਼ ਦਿਓ ਤਾਰਿਓ।

ਵੈਰੀ ਦਿਓ ਵੈਰੀਓ ਪਿਆਰ ਤੋਂ ਪਿਆਰਿਓ॥

ਮਾਰਿਆ ਕਿਸ ਡਾਕਾ ਅੱਜ ਸਾਡੇ ਪਿਆਰ ਤੇ।

ਪੱਤਝੜ ਕਿਵੇਂ ਛਾਈ ਨੱਚਦੀ ਬਹਾਰ ਤੇ॥

ਵੈਰ ਕਿਉਂ ਪੈ ਗਿਐ ਦੋਵਾਂ ਦੇ ਖ਼ਿਆਲਾਂ ਵਿੱਚ।

ਕਦਮ ਕਿਉਂ ਨਹੀਂ ਮਿਲਦੇ ਦੋਹਾਂ ਦੀਆਂ ਚਾਲਾਂ ਵਿੱਚ॥

ਲਹੂ ਅੱਜ ਲਹੂ ਨੂੰ ਕਿਵੇਂ ਭੁੱਲ ਗਿਆ ਏ।

ਪਿਆਰ ਨਾਲ ਵੈਰ ਅੱਜ ਕਿਵੇਂ ਤੁੱਲ ਗਿਆ ਏ॥

ਭੁੱਲ ਕਿਉਂ ਬੈਠੇ ਹੋ ਨਾਨਕ ਦੀ ਰਬਾਬ ਨੂੰ।

ਅੱਗੇ ਥੋੜ੍ਹਾ ਰੋਲਿਆ ਵਸਦੇ ਪੰਜਾਬ ਨੂੰ॥

ਪਾਣੀ ਪਾ ਕੇ ਛੱਜ ਕਿਵੇਂ ਛੰਡ ਰਹੇ ਓ।

ਜਾਨ ਨੂੰ ਸਰੀਰ ਨਾਲੋਂ ਕਿਵੇਂ ਵੰਡ ਰਹੇ ਓ॥

ਚੰਦ ਨਾਲੋਂ ਰਿਸ਼ਮਾਂ ਕਾਹਨੂੰ ਨਿਖੇੜਦੇ।

ਪਿਆਸ ਨੂੰ ਬੁਝਾਣ ਲਈ ਪੁੱਠਾ ਖੂਹ ਗੇੜਦੇ॥

ਪਾਰ ਹੋਣਾ ਚਾਹੁੰਦੇ ਅੱਧ ਵਿੱਚ ਕੇ।

ਉੱਠਦੇ ਤੂਫ਼ਾਨ ਨੂੰ ਬੇੜੀ 'ਚ ਬਿਠਾ ਕੇ॥

ਕਿਉਂ ਭੁੱਲ ਬੈਠੇ ਹੋ ਸੱਭਿਅਤਾ ਗਿਆਨ ਨੂੰ।

ਇਕੱਠੇ ਤੁਸੀਂ ਜਾਣਾ ਹੈ ਅੰਤ ਸ਼ਮਸ਼ਾਨ ਨੂੰ॥

ਇੱਕਠਿਆਂ ਹੀ ਦੇਸ਼ ਲਈ ਜਾਨਾਂ ਤੁਸੀਂ ਵਾਰੀਆਂ।

ਇੱਕਠਿਆਂ ਹੀ ਵੈਰੀਆਂ ਤੇ ਤੇਗਾਂ ਵੀ ਹੁਲਾਰੀਆਂ॥

ਇੱਕਠਿਆਂ ਹੀ ਨੀਹਾਂ ਲਈ ਦਿੱਤੇ ਤੁਸੀਂ ਬਾਲ ਸੀ।

ਹਕੀਕਤ ਉੱਤੋਂ ਵਾਰਿਆ ‘ਹਕੀਕਤ’ ਭਾਵੇਂ ਬਾਲ ਸੀ॥

ਇਨ੍ਹਾਂ ਦੋਵਾਂ ਬੁੱਲ੍ਹੀਆਂ ਦਾ ਹਾਸਾ ਤੁਸੀਂ ਇੱਕ ਓ।

ਹਾਰਾਂ ਤੇ ਜਿੱਤਾਂ ਦਾ ਵੀ ਪਾਸਾ ਤੁਸੀਂ ਇੱਕ ਓ॥

ਨੈਣਾਂ ਵਿੱਚੋਂ ਡੁੱਲ੍ਹਦਾ ਖ਼ੁਮਾਰ ਤੁਸੀਂ ਇੱਕ ਓ।

ਗੀਤਾ ਤੇ ਗ੍ਰੰਥ ਦਾ ਵਿਚਾਰ ਤੁਸੀਂ ਇੱਕ ਓ॥

ਕਿਸ ਨੇ ਹੈ ਦੇਸ਼ ਅੰਦਰ ਡੇਰਾ ਆਣ ਲਾਇਆ ਏ।

ਕਿਸ ਨੇ ਪਿਆਰ ਵਾਲਾ ਕਿਲ੍ਹਾ ਸਾਡਾ ਢਾਇਆ ਏ॥

ਕਿਸ ਨੇ ਇਹ ਨਹੂੰਆਂ ਨਾਲੋਂ ਅੱਡ ਕੀਤੇ ਮਾਸ ਨੇ।

ਅੱਜ ਸਾਡੇ ਕਿਸ ਨੇ ਬਣਾਏ ਹੋਏ ਢਾਸਨੇ॥

ਕੌਣ ਜੋ ਰਾਹ 'ਚੋਂ ਕੁਰਾਹੇ ਸਾਨੂੰ ਪਾਵੰਦੈ।

ਕਿਹੜਾ ਜੋ ਆਪੋ ਵਿੱਚ ਅਸਾਂ ਨੂੰ ਲੜਾਵੰਦੈ॥

ਵਖਰੇ ਨੇ ਹਿੰਦੂ ਸਿੱਖ ਡੰਡ ਪਾਈ ਜਾਂਦਾ ਏ।

ਆਪੇ ਹੀ ਪਿਆਰ ਵਿੱਚ ਵੰਡ ਪਾਈ ਜਾਂਦਾ ਏ॥

ਆਪੇ ਹੀ ਓਹ ਆਖਦੈ ਖ਼ਤਰਾ ਹੀ ਖ਼ਤਰੈ।

ਉਸੇ ਨੂੰ ਹੀ ਭਾਸਦੈ ਖ਼ਤਰਾ ਹੀ ਖ਼ਤਰੈ॥

ਉਹ ਤਾਂ ਚਾਹੇ ਦਿਲਾਂ ਅੰਦਰ ਫੁੱਟ ਦਾ ਡੇਰਾ ਹੋਵੇ।

ਹਿੰਦੂਆਂ ਤੇ ਸਿੱਖਾਂ ਦੀਆਂ ਅੱਖਾਂ ਅੱਗੇ ਹਨੇਰਾ ਹੋਵੇ॥

ਅਸਲ ਵਿੱਚ ਮਕਸਦ ਦੋਹਾਂ ਨੂੰ ਲੜਾਨ ਦਾ।

ਚੋਣਾਂ ਨੂੰ ਜਿਤਣ ਲਈ ਰਸਤਾ ਬਨਾਣ ਦਾ॥

ਤੁਸੀਂ ਜੇ ਨਾ ਸਮਝੋਗੇ ਉਸ ਦੀਆਂ ਚਾਲਾਂ ਨੂੰ

ਭੰਨੋਗੇ ਨਾ ਤੋੜੋਗੇ ਨਾ ਉਸ ਦੇ ਖ਼ਿਆਲਾਂ ਨੂੰ॥

ਤਾਂ ਫਿਰ ਅੰਬਰਾਂ ਤੋਂ ਤਾਰੇ ਟੁੱਟ ਪੈਣਗੇ।

ਪਿਆਰਿਆਂ ਨੂੰ ਮਾਰਨ ਲਈ ਪਿਆਰੇ ਟੁੱਟ ਪੈਣਗੇ।

ਆਪਣੇ ਹੀ ਹੱਥਾਂ ਨਾਲ ਗਲ ਘੁੱਟੇ ਜਾਣਗੇ।

ਦੇਸ਼ ਦੀ ਹਸਤੀ ਲਈ ਟੋਏ ਪੁੱਟੇ ਜਾਣਗੇ॥

ਸੁਲਗਦੀ ਅੰਗਾਰੀ ਨੂੰ ਹੁਣੇ ਬੁਝਾ ਦਿਓ।

ਜੋਸ਼ ਨੂੰ ਪਿਆਰ ਨਾਲ ਠੰਡਾ ਜਿਹਾ ਪਾ ਦਿਓ॥

ਮੱਖਣ ਵਿੱਚੋਂ ਵਾਲ ਜਿਵੇਂ ਬਾਹਰ ਕੱਢ ਸੁੱਟੀਦੈ।

ਚੁੱਭਿਆ ਹੋਇਆ ਕੰਢਾ ਜਿਵੇਂ ਪੈਰਾਂ ਵਿੱਚੋਂ ਪੁੱਟੀਦੈ॥

ਏਸੇ ਤਰ੍ਹਾਂ ਦੂਰ ਕਰੋ ਦੇਸ਼ ਦੇ ਗ਼ੱਦਾਰ ਨੂੰ।

ਸਾਂਭ ਰੱਖੋ ਜੰਤਾ ਦੇ ਚੈਨ ਤੇ ਕਰਾਰ ਨੂੰ॥

ਦੇਸ਼ ਦਿਓ ਰਾਖਿਓ ਰੋਕ ਲੋ "ਤੂਫਾਨ" ਨੂੰ।

ਛੱਡ ਦੇਵੇ ਰਸਤਾ ਹੁਣ ਕਹਿ ਦਿਓ ਸ਼ੈਤਾਨ ਨੂੰ॥

ਇੱਕ ਹਾਂ ਇੱਕ ਰਹਾਂਗੇ, ਇੱਕੋ ਹੀ ਨਿਸ਼ਾਨਾ ਏ।

ਇੱਕੋ ਹੀ ਕਹਾਣੀ ਸਾਡੀ, ਇੱਕੋ ਹੀ ਫ਼ਸਾਨਾ ਏ॥

📝 ਸੋਧ ਲਈ ਭੇਜੋ