ਹੋ ਗਿਆ ਜੋ ਹੋ ਗਿਆ

ਹੋ ਗਿਆ ਜੋ ਹੋ ਗਿਆ ਸੋ ਹੋਣ ਦੇ

ਹਸਾ ਸਭ ਨੂੰ ਕਿਸੇ ਨਾ ਰੋਣ ਦੇ।

ਚਹਿਕਦੇ ਬੱਚੇ ਨੇ ਰੱਬ ਦਾ ਰੂਪ ਹੀ

ਨਾ ਜਗਾ ਸੁੱਤੇ ਨਿਆਣੇ ਸੋਣ ਦੇ।

ਮੈਲ ਜੰਮੀ ਜੋ ਦਿਲਾਂ ਵਿੱਚ ਸਾਫ਼ ਕਰ

ਛਲਕਦੇ ਨੈਣਾਂ ਨੂੰ ਦੁਖੜੇ ਧੋਣ ਦੇ।

ਪਾਪ ਕਰ ਕੇ ਤੀਰਥਾਂ ਨੂੰ ਟੁਰ ਪਿਉਂ

ਮੈਲ ਦਾ ਪੱਲੂ ਨਾ ਧੁੱਲੇ ਧੋਣ ਦੇ।

ਮਰ ਗਿਆ ਬਾਪੂ ਵਿਚਾਰਾ ਤਰਸਦਾ

ਕਾਕਿਆਂ ਨੂੰ ਮਾਲ ਡੰਗਰ ਚੋਣ ਦੇ।

ਵੇਖ ਬਚਪਨ ਔਖ ਵਿਚ ਮੈਂ ਰੋ ਪਿਆ!

ਕਰ ਕਮਾਈਆਂ ਬਸਤਿਆਂ ਨੂੰ ਢੋਣ ਦੇ।

ਬੇਸੁਰੇ ਸਭ ਸਾਜ਼ ਨੇ ਬਸ ਸ਼ੋਰ ਹੈ

ਆਗੂਆਂ ਦੀ ਕਾਵਾਂਰੌਲੀ ਹੋਣ ਦੇ।

ਜ਼ਿੰਦਗੀ ਜ਼ਿੰਦਾ ਦਿਲੀ ‘ਉੱਪਲ’ ਕਹੇ

ਮੁਸਕਰਾਉਣਾ ਭੁੱਲ ਭੁਲਾ ਦਿਨ ਰੋਣ ਦੇ।

📝 ਸੋਧ ਲਈ ਭੇਜੋ