ਹੋ ਪੰਜਾਬ ਵਾਲਿਓ, ਹੋ ਗੁਲਾਬ ਵਾਲਿਓ
ਵਿਰਸਾ ਬਚਾ ਲਿਓ, ਬੋਲੀ ਸੰਭਾਲਿਓ
ਇਹ ਬਾਤ ਪਿਆਰੀ ਏ
ਫੁੱਲਾਂ ਦੀ ਕਿਆਰੀ ਏ
ਖੰਭ ਤਿਤਲੀ ਵਾਲੇ ਜੋ
ਪਿੜ ਕਿੱਕਲੀ ਵਾਲੇ ਜੋ
ਖੁੰਢਾਂ ਦੀ ਢਾਣੀ ਦਾ
ਓਹ ਛਿੜੀ ਕਹਾਣੀ ਦਾ
ਧੂਣੀ ਦੀਆਂ ਬਾਤਾਂ ਨੂੰ
ਸੱਜਰੇ ਜਜ਼ਬਾਤਾਂ ਨੂੰ
ਹਾਏ ਮਾਰ ਲਿਆ ਕਲਚਰ ਨੇ
ਇਸ ਰੌਲ਼ੇ ਲੱਚਰ ਨੇ
ਇਸ ਸ਼ੋਰ ਸ਼ਰਾਬੇ ਤੋਂ
ਬੇਵਕਤ ਖ਼ਰਾਬੇ ਤੋਂ
ਛੁਟਕਾਰਾ ਪਾ ਲਿਓ, ਪੰਜਾਬ ਵਾਲਿਓ
ਗੱਲ ਬਹੁਤ ਨਿਆਰੀ ਏ
ਅੰਬਰ ਦੀ ਉਡਾਰੀ ਏ
ਅਜੇ ਕੱਲ੍ਹ ਦੀਆਂ ਗੱਲਾਂ ਨੇ
ਜੋ ਮਾਰੀਆਂ ਮੱਲਾਂ ਨੇ
ਜਮਨਾ ਤੋਂ ਸਿੰਧ ਤਾਈਂ
ਕਾਬੁਲ ਤੋਂ ਹਿੰਦ ਤਾਂਈ
ਇੱਕ ਬਾਗ ਪਿਆਰਾ ਸੀ
ਇੱਕ ਪੀਂਘ ਹੁਲਾਰਾ ਸੀ
ਅਣਖਾਂ ਲਈ ਲੜਿਆ ਜੋ
ਇੱਜਤਾਂ ਲਈ ਅੜਿਆ ਜੋ
ਹਿੱਕ ਤਾਣਕੇ ਖੜ੍ਹਿਆ ਜੋ
ਪਰਚਮ ਸੀ ਚੜ੍ਹਿਆ ਜੋ
ਕੁਝ ਗਿੱਦੜ ਚਾਲਾਂ ਨੇ
ਸੱਤਾ ਦੇ ਦਲਾਲਾਂ ਨੇ
ਵੰਡ ਕੀਤਾ ਲੀਰਾਂ ਸੀ
ਰਲ਼ ਖਾਧੀਆਂ ਖੀਰਾਂ ਸੀ
ਉਸ ਤਸਵੀਰ ਪੁਰਾਣੀ ਨੂੰ
ਕਦੇ ਨਾ ਭੁਲਾ ਦਿਓ, ਪੰਜਾਬ ਵਾਲਿਓ....
ਹੁਣ ਹੋਰ ਹੀ ਮਸਲੇ ਨੇ
ਫੁੱਲ ਕਿਸਨੇ ਮਸਲੇ ਨੇ
ਗੁਰਮੁਖੀ ਪਿਆਰੀ ਤੋਂ
ਫੁੱਲਾਂ ਦੀ ਕਿਆਰੀ ਤੋਂ
ਮੂੰਹ ਮੋੜੀ ਬੈਠੇ ਨੇ
ਅੰਗਰੇਜ਼ੀ ਹਿੰਦੀ ਨਾਲ
ਸਿਰ ਜੋੜੀ ਬੈਠੇ ਨੇ
ਘਰੋਂ ਕੱਢ ਕਿਤਾਬਾਂ ਨੂੰ
ਫੁੱਲਦਾਨ ਲਿਆਂਦੇ ਨੇ
ਕਿੱਧਰ ਨੂੰ ਜਾਣਾ ਸੀ
ਕਿੱਧਰ ਨੂੰ ਜਾਂਦੇ ਨੇ
ਨਸ਼ਿਆਂ ਦੀ ਦਲਦਲ ਹੈ
ਕੀ ਹੁੰਦਾ ਅੱਜਕੱਲ੍ਹ ਹੈ
ਕੰਮ ਮਿਲੇ ਨਾ ਦੇਸਾਂ ‘ਚ
ਪੁੱਤ ਰੁਲੇ ਵਿਦੇਸ਼ਾਂ ‘ਚ
ਘਰ ਸੰਨੇ – ਮਸੁੰਨੇ ਨੇ
ਰਹੇ ਆਟੇ ਗੁੰਨੇ ਨੇ
ਉਦਾਸੀਆਂ ਰਾਹਾਂ ਤੋਂ
ਬੇਦਰਦ ਹਵਾਵਾਂ ਤੋਂ
ਕੀ ਰਹਿਣਾ ਡਰ ਡਰ ਕੇ
ਕੀ ਜਿਊਣਾ ਮਰ ਮਰ ਕੇ
ਰੂਹਾਂ ਦੇ ਜੁਗਨੂੰ ਨੂੰ
ਸੂਰਜ ਬਣਾ ਲਿਓ, ਪੰਜਾਬ ਵਾਲਿਓ...