ਹੋਲੇ ਦੇ ਦਿਨ ਬੱਝਦਾ

ਹੋਲੇ ਦੇ ਦਿਨ ਬੱਝਦਾ ਮੇਲੇ ਦੇ ਵਿਚ ਰੰਗ, 

ਸੁੱਖਾ ਪੀ ਕੇ ਖੇਡਦੇ ਗਤਕਾ ਜਦੋਂ ਨਿਹੰਗ

ਕਮਲੇ ਜਹੇ ਫ਼ਕੀਰ ਨੇ ਸਭ ਨੂੰ ਕੀਤਾ ਦੰਗ, 

ਭਰੇ ਬਜ਼ਾਰ 'ਚ ਕਹਿ ਗਿਆ ਸੱਚੀ ਗੱਲ ਨਿਸੰਗ।

ਮੁੰਡੇ ਦੇ ਦਿਲ ਵਿਚ ਤਾਂ ਰੱਤੀ ਭਰ ਨਹੀਂ ਤੇਹ 

ਭੰਨ ਕੇ ਦੇਖੀ ਕੁੜੀ ਨੇ ਸ਼ਗਨਾਂ ਵਾਲੀ ਵੰਗ।

ਪਹਿਨਣ ਤੱਕਣ ਵਾਲਿਆਂ ਦੀ ਜਦ ਬਦਲੀ ਨੀਤ, 

ਕੱਜਣ ਦੀ ਥਾਂ ਵਸਤਰਾਂ ਸਗੋਂ ਉਘਾੜੇ ਅੰਗ।

ਪੱਛਮ ਦੀ ਤਹਿਜ਼ੀਬ ਦਾ ਖੁਲ੍ਹਿਆ ਕਿੱਦਾਂ ਪਾਜ, 

ਨੰਗੀ ਲੇਟੀ ਸੜਕ ਤੇ ਹਿੱਪਣ ਪੀ ਕੇ ਭੰਗ।

ਬੀਨ ਦੀ ਲੈ ਨੂੰ ਸੁਣਦਿਆਂ ਜਦ ਲਹਿਰਾਇਆ ਨਾਗ, 

ਸਮਝ ਲਿਆ ਮੈਂ ਏਸਦਾ ਬੱਝ ਗਿਆ ਹੈ ਡੰਗ।

ਬੀਤੀ ਰੁੱਤ ਬਸੰਤ ਦੀ ਚੇਤੇ ਇਕੋ ਗੱਲ, 

ਪੇਚਾ ਲਾਇਆ ਏਸ ਨੇ ਲੁੱਟੀ ਓਸ ਪਤੰਗ।

ਜੇ ਨਹੀਂ ਆਏ ਕੋਲ ਤੇ ਹੋ ਨਾ ਦਿਲਾ ਉਦਾਸ, 

ਖ਼ੈਰੀਂ ਮਿਹਰੀ ਹੋਣ ਉਹ ਸੁੱਖ ਉਹਨਾਂ ਦੀ ਮੰਗ।

📝 ਸੋਧ ਲਈ ਭੇਜੋ