ਹੋਣ ਚੱਲੇ ਸੀ ਅਸੀਂ

ਹੋਣ ਚੱਲੇ ਸੀ ਅਸੀਂ ਤਾਂ ਅੱਖਰਾਂ ਦੇ ਰੂਬਰੂ।

ਕੌਣ ਸਾਨੂੰ ਕਰ ਗਿਆ ਸੰਗਮਰਮਰਾਂ ਦੇ ਰੂਬਰੂ।

ਯਾਦ ਰੱਖੀਂ, ਪੱਥਰਾਂ ਦੇ ਸ਼ਹਿਰ ਦਾ ਦਸਤੂਰ ਹੈ

ਸ਼ੀਸ਼ਿਆਂ ਨੇ ਹੋ ਹੀ ਜਾਣਾ ਠੋਕਰਾਂ ਦੇ ਰੂਬਰੂ।

ਮਹਿਲ ਵਿਚ ਸੁੱਤਾ ਪਿਆ ਸੀ, ਡਾਲਰਾਂ ਦੇ ਦੇਸ਼ ਵਿਚ

ਹੋ ਰਿਹਾ ਸੁਪਨੇ ‘ਚ ਸੀ ਕੱਚੇ ਘਰਾਂ ਦੇ ਰੂਬਰੂ।

ਪਿੰਜਰੇ ਦੀ ਚੋਗ ਦਾ ਮੋਹ ਜਾਲ ਲੈ ਕੇ ਬਹਿ ਗਿਆ

ਕਿਸ ਤਰ੍ਹਾਂ ਹੁੰਦਾ ਪਰਿੰਦਾ ਅੰਬਰਾਂ ਦੇ ਰੂਬਰੂ।

ਜਿਸਮ ‘ਤੇ ਸੀ ਜ਼ਖ਼ਮ ਡੂੰਘੇ, ਭਰ ਗਏ ਸਭ ਵਕਤ ਨਾਲ

ਰੂਹ ਤਾਂ ਹਾਲੇ ਵੀ ਹੈ ਰਹਿੰਦੀ  ਨਸ਼ਤਰਾਂ ਦੇ ਰੂਬਰੂ।

📝 ਸੋਧ ਲਈ ਭੇਜੋ