ਮੁੱਖੜੇ ਤੇ ਦਮਕਾਂ ਨਰਾਲੀਆਂ
ਸੋਹਲ ਜਿੰਦਾਂ ਫੁੱਲਾਂ ਜਿਹੇ ਭਾਰ!
ਗੁਜ਼ਰੀ ਦੇ ਪੋਤਿਆ ਜਿਹੇ ਪੋਤਰੇ
ਹੋਣੇ ਨਈਂਓਂ ਵਿੱਚ ਸੰਸਾਰ!
ਕੋਮਲ ਸਰੀਰ ਨੂਰੀ ਚਮਕਾਂ
ਵੇਖ-ਵੇਖ ਸੱਚੀ ਭੁੱਖਾਂ ਲਹਿੰਦੀਆਂ!
ਅਕਲਾਂ ਸੀ ਚੁੰਮਦੀਆਂ ਪੈਰਾਂ ਨੂੰ
ਸੋਚਾਂ ਸਦਾਂ ਉੱਚੀਆਂ ਸੀ ਰਹਿੰਦੀਆਂ!
ਰੂਹਾਂ ਸੀ ਉਹ ਪਾਕਿ ਤੇ ਪਵਿੱਤਰ
ਡੁੱਲ-ਡੁੱਲ ਪੈਦੀ ਗੁਲਜਾਰ!
ਗੁਜ਼ਰੀ ਦੇ ਪੋਤਿਆ ਜਿਹੇ ਪੋਤਰੇ
ਹੋਣੇ ਨਈਂਓਂ ਵਿੱਚ ਸੰਸਾਰ!
ਉਮਰਾਂ ਸੀ ਬੇਸ਼ੱਕ ਛੋਟੀਆਂ
ਦਰਸ਼ ਦੀਦਾਰੇ ਬਹੁਤ ਵੱਡੇ ਸੀ!
ਹੌਸਲੇ ਬੁਲੰਦ ਨਿਰੀ ਅੱਗ ਜਿਊ)
ਭੱਠ 'ਚ ਤਪਾ ਕੇ ਜੈਸੇ ਕੱਡੇ ਸੀ!
ਜੁੱਤੀ ਨਾਲ ਜੇੜੇ ਠੁਕਰਾ ਗਏ
ਸੂਬਿਆਂ ਦੇ ਮਹਿਲ ਤੇ ਮੁਨਾਰ!
ਗੁਜ਼ਰੀ ਦੇ ਪੋਤਿਆ ਜਿਹੇ ਪੋਤਰੇ
ਹੋਣੇ ਨਈਂਓਂ ਵਿੱਚ ਸੰਸਾਰ!
ਪੈਰਾਂ ਹੇਠਾਂ ਅੱਲਾ ਪਾਕਿ ਕੀਤੀਆਂ
ਆਪਣੇ ਸੀ ਹੱਥਾਂ ਦੀਆਂ ਧਲੀਆਂ!
ਆਪ ਮੁਹਾਰੇ ਨੰਨ੍ਹੇ ਬਾਲਾਂ ਨੂੰ
ਸੀਸ ਸੀ ਝੁਕਾਏ ਵੱਡੇ ਵਲੀਆਂ!
ਦੇ-ਦੇ ਕੇ ਦਾਦੀ ਮਾਂ ਨੇ ਲੋਰੀਆਂ
ਕੀਤੇ ਪ੍ਰਪੱਖ ਸੀ ਤਿਆਰ!
ਗੁਜ਼ਰੀ ਦੇ ਪੋਤਿਆ ਜਿਹੇ ਪੋਤਰੇ
ਹੋਣੇ ਨਈਂਓਂ ਵਿੱਚ ਸੰਸਾਰ!
ਰਾਜ ਭਾਗ ਦੇਵਾਂਗੇ ਵਜ਼ੀਰੀਆਂ
ਮੁਗਲਾਂ ਨੇ ਆਖਿਆ ਜਬਾਨ ਤੋਂ!
ਸਾਡੇ ਕਿਰਦਾਰ ਬਹੁਤ ਵੱਡੇ ਨੇ
ਤੇਰੀ ਇਸ ਝੂਠੀ ਜਿਹੀ ਸ਼ਾਨ ਤੋਂ!
ਰਤਾ ਨਾਂ ਡਲਾਏ ਜਿੰਨਾਂ ਹੌਸਲੇ
ਨੀਹਾਂ ਵਿੱਚ ਦਿੱਤੇ ਖਲਿਆਰ!
ਗੁਜ਼ਰੀ ਦੇ ਪੋਤਿਆ ਜਿਹੇ ਪੋਤਰੇ
ਹੋਣੇ ਨਈਓ ਵਿੱਚ ਸੰਸਾਰ
ਪੱਗ ਦਾ ਮਿਆਰ ਉੱਚਾ ਗੱਡਿਆ
ਬੇਸ਼ੱਕ ਧੌਣਾਂ ਨੂੰ ਕਟਾ ਲਿਆ!
ਨਿੱਕੀਆਂ ਜਿੰਦਾਂ ਤੇ ਸਾਕੇ ਵੱਡੇ ਸੀ
ਤਵਾਰੀਖ ਉੱਤੇ ਜੜਵਾ ਲਿਆ!
ਦਾਦੇ ਅਤੇ ਬਾਬਿਆਂ ਦੇ ਵਾਗਰਾਂ
ਕਦੇ ਵੀ ਨਈ ਮੰਨੀ ਉਹਨਾਂ ਹਾਰ!
ਗੁਜ਼ਰੀ ਦੇ ਪੋਤਿਆ ਜਿਹੇ ਪੋਤਰੇ
ਹੋਣੇ ਨਈਂਓਂ ਵਿੱਚ ਸੰਸਾਰ!
ਦੇਗਾਂ ਅਤੇ ਤਵੀਆਂ ਦੇ ਵਾਗਰਾਂ
ਕੰਧ ਵਿੱਚੋ ਮਾਣ ਗਏ ਅਨੰਦ ਨੂੰ!
ਨੈਣਾਂ ਚੋਂ' ਜਵਾਲਾ ਮੁੱਖੀ ਫੱਟਦਾ
ਯਾਦ ਕਰ-ਕਰ ਸਰਹੰਦ ਨੂੰ!
ਮਾਰਗੇ ਨੇ ਮੱਲਾਂ ਵੇਖ ਡਾਡੀਆਂ
ਮਾਤਾ ਤੇਰੇ ਬਰਖੁਰਦਾਰ!
ਗੁਜ਼ਰੀ ਦੇ ਪੋਤਿਆ ਜਿਹੇ ਪੋਤਰੇ
ਹੋਣੇ ਨਈਂਓਂ ਵਿੱਚ ਸੰਸਾਰ!
ਲਿਖਣੇ ਤੋਂ ਬਾਹਰੀ ਨੇ ਜੀ ਸਿਫ਼ਤਾਂ
ਕਰ-ਕਰ ਥੱਕਾਂ ਵਡਿਆਈ ਨੂੰ!
ਹਰ ਇੱਕ ਬੋਲ ਫਿੱਕਾ ਪੈ ਜਾਦਾ
ਜੇਹੜਾ ਵੀ ਪ੍ਰੋਵਾਂ ਲੈ ਕੇ ਸ਼ਾਹੀ ਨੂੰ!
ਫਰੀਦ ਸਰਾਈਆ ਸੱਤਾ ਜਿੰਦਾਂ ਤੋਂ
ਵਾਰੇ-ਵਾਰੇ ਜਾਦਾ ਵਾਰ-ਵਾਰ!
ਗੁਜ਼ਰੀ ਦੇ ਪੋਤਿਆ ਜਿਹੇ ਪੋਤਰੇ
ਹੋਣੇ ਨਈਂਓਂ ਵਿੱਚ ਸੰਸਾਰ!