ਰੋਜ਼ ਤਕਾਲੀਂ
ਮੇਰੀ ਬੀਵੀ
ਗੋਰੇ ਰੰਗ ਦੀ
ਸੰਗ ਮਰਮਰ ਦੀ ਮੂਰਤ ਬਣਕੇ
ਪੂਜਾ ਪਾਠ 'ਚ ਗੁੰਮ ਹੋ ਜਾਂਦੀ
ਢਿੱਡ ਦੀ ਭੁੱਖ ਚਮਕਾਣ ਲਈ
ਮੈਂ ਮਦਰਾ ਦੇ ਦੋ ਪੈੱਗ ਪੀਂਦਾ ਹਾਂ
ਦੋਹੀਂ ਪਾਸੀਂ ਸਜਰਾ ਚਾਅ ਹੈ
ਅਤੇ ਲਹੂ ਦਾ ਤਿੱਖਾ ਤਾਅ ਹੈ
ਸਾਰੀ ਰਾਤ ਅਤੇ ਦਿਨ ਭਰ ਵੀ
ਚੁੰਜਾਂ ਚੁੰਘਦੇ-ਮਹਿਕਾਂ ਸੁੰਘਦੇ
ਰਸ ਰਸ ਲੀਨ ਗੁਟਕਦੇ ਰਹੀਏ
ਇਕ ਦੂਜੇ ਦੇ ਅੰਦਰ ਲਹੀਏ
ਭਰ ਭਰ ਡੁਲ੍ਹਦੇ
ਪਲ ਪਲ ਫਿਸਦੇ
ਇਕ ਦੂਜੇ ਵਿਚ
ਇੰਜ ਗਵਾਚੇ ਦਿਸਦੇ
ਬੁਝ ਨਾ ਹੋਵੇ
ਕਿਹੜੇ ਅੰਗ ਨੇ ਕਿਸਦੇ
ਐਪਰ
ਸੂਰਜ ਡੁੱਬਣ ਵੇਲੇ
ਮੇਰੀ ਬੀਵੀ ਸੱਚੇ ਰੱਬ ਦੀ ਪੂਜਾ ਕਰਦੀ
ਮੈਥੋਂ ਦੂਰ ਹੈ
ਸੱਤ ਸਮੁੰਦਰ ਤਰਦੀ
ਮੈਂ ਮਦਰਾ ਦੇ ਪੈੱਗ ਪੀਂਦਾ ਹਾਂ
ਆਪਣੇ ਆਪੇ ਵਿਚ ਥੀਂਦਾ ਹਾਂ।