ਹੋਣੀਏਂ, ਮਨ ਮੋਹਣੀਏਂ

ਹੋਣੀਏਂ, ਮਨ ਮੋਹਣੀਏਂ 

ਉਮਰਾਂ ਦੇ ਧੋਣੇ ਧੋਣੀਏਂ 

ਤੇਰੇ ਸਦਕੇ ਜਾਵਾਂ 

ਸਾਨੂੰ ਜੰਮਨੋਂ ਵਧ ਕੇ 

ਕੀ ਹੋਰ ਸਜ਼ਾਵਾਂ 

ਹਰ ਕਿੱਕਰ ਦੀ ਸੂਲ ’ਤੇ 

ਸਾਡਾ ਸਿਰਨਾਵਾਂ 

ਹੁਣ ਤੇ ਐਵੇਂ ਹੱਸ ਕੇ 

ਤੈਨੂੰ ਮਗਰੋਂ ਲਾਹਵਾਂ 

ਹੋਣੀਏਂ, ਮਨ ਮੋਹਣੀਏਂ 

ਤੇਰੇ ਸਦਕੇ ਜਾਵਾਂ

ਹੋਣੀਏਂ, ਮਨ ਮੋਹਣੀਏਂ 

ਉਮਰਾਂ ਦੇ ਧੋਣੇ ਧੋਣੀਏਂ 

ਚੱਲ ਅੱਗੇ ਅੱਗੇ 

ਆਉਂਦੇ ਨਿੱਤ ਭੁਚਾਲ ਨੀ 

ਸਾਡੀ ਇੱਕ ਇੱਕ ਰਗੇ 

ਸਾਡੀਆਂ ਨਾੜਾਂ ਨਾਲ਼ 

ਖੂਹਾਂ ਨੂੰ ਜਾਲਾ ਲੱਗੇ 

ਸਾਡੀਆਂ ਸੋਚਾਂ ਨਾਲ਼ 

ਸਮੇਂ ਦੇ ਧੌਲੇ ਬੱਗੇ 

ਹੋਣੀਏਂ, ਮਨ ਮੋਹਣੀਏਂ 

ਚੱਲ ਅੱਗੇ ਅੱਗੇ

ਹੋਣੀਏਂ, ਮਨ ਮੋਹਣੀਏਂ 

ਉਮਰਾਂ ਦੇ ਧੋਣੇ ਧੋਣੀਏਂ 

ਲਾਈਏ ਗੋਤੇ 

ਜੀਵਨ ਦੇ ਕਾਲੇ ਪਾਣੀਆਂ 

ਅਸੀਂ ਬਾਣੇ ਧੋਤੇ 

ਵਹਿਸ਼ਤ ਤੇ ਤਰਥੱਲੀਆਂ 

ਹਥ ਜੋੜ ਖਲੋਤੇ 

ਵੇਲੇ ਦੇ ਨਮਰੂਦ ਨੂੰ 

ਅੱਜ ਲਾਉਣਾ ਜੋਤੇ 

ਹੋਣੀਏਂ, ਮਨ ਮੋਹਣੀਏਂ 

ਲਾਈਏ ਗ਼ੋਤੇ

ਹੋਣੀਏਂ, ਮਨ ਮੋਹਣੀਏਂ 

ਉਮਰਾਂ ਦੇ ਧੋਣੇ ਧੋਣੀਏਂ 

ਲੱਖ ਬਣ ਜਾ ਕਹਿਰਾਂ 

ਸਾਡੇ ਲਈ ਰੁਸ਼ਨਾਈਆਂ 

ਮਿਰਗੀ ਦੀਆਂ ਲਹਿਰਾਂ 

ਅਸੀਂ ਮਿੱਠੇ ਸ਼ਹਿਦ ਵਜੂਦ 

ਵਿਚ ਭਰ ਲਈਆਂ ਜ਼ਹਿਰਾਂ 

ਦਿਲ ਆਖੇ ਸੱਪ ਦੀ ਰੁੱਡ ਵਿਚ 

ਜਾ ਜਾ ਕੇ ਠਹਿਰਾਂ 

ਹੋਣੀਏਂ, ਮਨ ਮੋਹਨੀਏਂ 

ਲੱਖ ਬਣ ਜਾ ਕਹਿਰਾਂ

ਹੋਣੀਏਂ, ਮਨ ਮੋਹਣੀਏਂ 

ਉਮਰਾਂ ਦੇ ਧੋਣੇ ਧੋਣੀਏਂ 

ਰਲ ਕੇ ਬਹੀਏ

ਹੋਣੀ ਹੋਣੀ ਖੇਡ ਕੇ 

ਇੱਕ ਮਿੱਕ ਹੋ ਰਹੀਏ 

ਅਤੇ ਜੱਗ ਨੂੰ ਹੱਸਦਾ ਛੱਡ ਕੇ 

ਕਬਰਾਂ ਵਿੱਚ ਲਈਏ 

ਤੇ ਰਲ ਦੋਵੇਂ ਅਨਹੋਣੀਆਂ 

ਨਿੱਤ ਹੋਣਾ ਸਹੀਏ 

ਹੋਣੀਏਂ, ਮਨ ਮੋਹਣੀਏਂ 

ਰਲ਼ ਕੇ ਬਹੀਏ 

ਹੋਣੀਏਂ, ਮਨ ਮੋਹਣੀਏਂ 

ਤੇਰੇ ਸਦਕੇ ਜਾਵਾਂ

📝 ਸੋਧ ਲਈ ਭੇਜੋ