ਚਿਹਰੇ ‘ਤੇ ਖੇੜਾ ਏ,
ਖੁੱਲ੍ਹਾ ਦਿਲ ਦਾ ਵਿਹੜਾ ਏ,
ਨਾ ਕੋਈ ਹੋਰ ਬਖੇੜਾ ਏ,
ਦਿਲ ਨਾਲ ਦਿਲ ਮਿਲਾਈਦਾ,
ਖੁਸ਼ ਰਹਿਣ ਲਈ ਦੱਸੋ, ਹੋਰ ਭਲਾ ਕੀ ਚਾਹੀਦਾ?
ਜ਼ਿੰਦਗੀ ਬੜੀ ਕਮਾਲ ਹੈ,
ਮਚੀ ਪਈ ਧਮਾਲ ਹੈ,
ਉਹਦੇ ਹੱਥ ਰੁਮਾਲ ਹੈ
ਚੁੰਮ ਚੁੰਮ ਸੀਨੇ ਨਾਲ ਲਗਾਈਦਾ,
ਖੁਸ਼ ਰਹਿਣ ਲਈ ਦੱਸੋ, ਹੋਰ ਭਲਾ ਕੀ ਚਾਹੀਦਾ?
ਅੱਖਰਾਂ ਦੀ ਮਿਲੀ ਦਾਤ ਹੈ,
ਰੱਬੀ ਜਿਵੇਂ ਸੌਗ਼ਾਤ ਹੈ,
ਹੋ ਰਹੀ ਪ੍ਰਭਾਤ ਹੈ,
‘ਮੈਂ' ਨੂੰ ਯਾਰ ਮਿਟਾਈਦਾ,
ਖੁਸ਼ ਰਹਿਣ ਲਈ ਦੱਸੋ, ਹੋਰ ਭਲਾ ਕੀ ਚਾਹੀਦਾ?
ਦੋਸਤ ਮਿੱਤਰ ਸੰਗ ਨੇ,
ਮਜਲਿਸ ਦੇ ਜੋ ਰੰਗ ਨੇ,
ਸਾਡੇ ਜਿਉਣ ਦੇ ਢੰਗ ਨੇ,
ਹੱਸ ਹੱਸ ਕੇ ਦਿਨ ਲੰਘਾਈਦਾ।
ਖੁਸ਼ ਰਹਿਣ ਲਈ ਦੱਸੋ, ਹੋਰ ਭਲਾ ਕੀ ਚਾਹੀਦਾ?
ਗੱਲਾਂ 'ਚ ਬੇਸ਼ੱਕ ਝੱਲ ਹੈ,
ਨੀਤ 'ਚ ਨਾ ਕੋਈ ਛੱਲ ਹੈ,
ਦਿਲ ਏਸੇ ਗੱਲੋਂ ਵਲ਼ ਹੈ
ਕਿ ਸਦਕੇ ਸਭ ਤੋਂ ਜਾਈਦਾ।
ਖੁਸ਼ ਰਹਿਣ ਲਈ ਦੱਸੋ, ਹੋਰ ਭਲਾ ਕੀ ਚਾਹੀਦਾ?