ਹੋਰ ਦੇ ਹੋਰ ਫ਼ਸਾਨੇ ਘੜ ਕੇ ਰੋਜ਼ ਸੁਣਾਂਦੇ ਪਏ ਓ

ਹੋਰ ਦੇ ਹੋਰ ਫ਼ਸਾਨੇ ਘੜ ਕੇ ਰੋਜ਼ ਸੁਣਾਂਦੇ ਪਏ ਓ, ਕੀ ਅਜ਼ਮਾਂਦੇ ਪਏ ਓ 

ਕੂੜ ਦੀ ਮਿੱਟੀ ਥੱਲੇ ਜੀਂਦਾ ਸੱਚ ਦਫ਼ਨਾਂਦੇ ਪਏ ਓ, ਕੀ ਅਜ਼ਮਾਂਦੇ ਪਏ

ਅੰਨ੍ਹਿਆਂ ਕਰਕੇ ਜੀਭਾਂ ਵੱਢ ਕੇ ਸਦੀਆਂ ਤੋਂ ਇਹ ਇਕੋ ਇਕ ਤਮਾਸ਼ਾ ਸਾਨੂੰ 

ਵਾਂਗ ਮਦਾਰੀ ਵਾਰੋ ਵਾਰੀ ਕਿੰਜ ਵਿਖਾਂਦੇ ਪਏ ਓ, ਕੀ ਅਜ਼ਮਾਂਦੇ ਪਏ ਓ 

ਪਿਆਰ ਖ਼ਲੂਸ ਦੇ ਕੋਠੇ ਢਾਹ ਕੇ, ਲੋਭ ਦੇ ਮਹਿਲ ਮੁਨਾਰੇ ਪਾ ਕੇ, ਸਾਂਝ ਮੁਕਾਕੇ, 

ਬੇ-ਹਿੱਸੀਆਂ ਤੇ ਬੇ-ਵਸੀਆਂ ਦੇ ਸ਼ਹਿਰ ਵਸਾਂਦੇ ਪਏ ਓ, ਕੀ ਅਜ਼ਮਾਂਦੇ ਪਏ

ਕੁਝ ਨਾ ਕੁਝ ਤੇ ਸੋਚੋ, ਕੁਝ ਤੇ ਸਮਝੋ, ਆਪਣੇ ਆਪਣੇ ਕਮਲ਼ਪੁਣੇ ਵਿਚ ਲੋਕੋ, 

ਕਿੰਨੇ ਚਿਰ ਤੋਂ ਹੱਥੀਂ ਆਪਣੀ ਖੱਲ ਲੁਹਾਂਦੇ ਪਏ ਓ, ਕੀ ਅਜ਼ਮਾਂਦੇ ਪਏ

ਇਕੋ ਮਾਂ ਦੇ ਪੁੱਤਰਾਂ ਨੂੰ ਦੀਨ ਧਰਮ ਦੇ ਨਾਂ ਤੇ ਖ਼ੌਰੇ ਕਿਹੜੀ ਗੱਲੋਂ 

ਡੰਗਰਾਂ ਵਾਂਗੂੰ ਇਕ ਦੂਜੇ ਦੇ ਨਾਲ਼ ਲੜਾਂਦੇ ਪਏ ਓ, ਕੀ ਅਜ਼ਮਾਂਦੇ ਪਏ ਓ 

ਕਿੰਨੇ ਚਿਰ ਦਾ ਸਿਰ ਤੋਂ ਪਾਣੀ ਲੰਘ ਗਿਆ ਏ, ਜਾਗਣ ਦਾ ਪਰ ਸੁੱਤੇ ਜ਼ਿਹਨੋਂ 

ਲੋੜ੍ਹਾ ਨਈਂ ਹਾਲੇ ਤੀਕਰ ਜ਼ਿਹਨ ਬਣਾਂਦੇ ਪਏ ਓ, ਕੀ ਅਜ਼ਮਾਂਦੇ ਪਏ ਓ 

ਚੇਤਰ ਰੁੱਤੇ ਕੌਣ ਖ਼ਿਜ਼ਾਵਾਂ ਵਰਗੇ ਲੋਕਾਂ ਕੋਲੋਂ ‘ਸੰਧੂ’ ਇਹ ਗੱਲ ਪੁੱਛੇ 

ਖਿੜ ਖਿੜ ਹੱਸਦੇ ਫੁੱਲ ਕਲੀਆਂ ਨੂੰ ਕਿੰਜ ਜ਼ਖ਼ਮਾਂਦੇ ਪਏ ਓ, ਕੀ ਅਜ਼ਮਾਂਦੇ ਪਏ

📝 ਸੋਧ ਲਈ ਭੇਜੋ