ਹੋਰ ਨਾ ਦਿਸੇ ਚੰਨ ਹੀਰਾ

ਜੱਗਿਆ-ਕਾਹਨੂੰ ਚੱਲਿਓਂ ਗ਼ਮਾਂ ਵਿਚ ਪਾ ਕੇ,

ਕਾਹਨੂੰ ਚੱਲਿਓਂ

ਕਾਹਨੂੰ ਚੱਲਿਓਂ ਗ਼ਮਾਂ ਵਿਚ ਪਾ ਕੇ ਤੇ ਬੁਢਿਆਂ ਮਾਪਿਆਂ ਨੂੰ,

ਵੀਰਾ-

ਵੀਰਾ-ਤੇ ਤੇਰੇ ਜਿਹਾ ਹੋਰ ਨਾ ਦਿਸੇ ਚੰਨ ਹੀਰਾ

ਗ਼ਮ ਕਰਨ ਭਲਾ ਕਿਉਂ ਮਾਪੇ

ਗ਼ਮ ਕਰਨ

ਗ਼ਮ ਕਰਨ ਭਲਾ ਕਿਉਂ ਮਾਪੇ ਤੇ ਜੰਗ ਜਾਂਦੇ ਪੁੱਤਰਾਂ ਦੇ,

ਭੈਣੇਂ-

ਭੈਣੇਂ-ਤੇ ਆਪਣੇ ਵਤਨ ਲਈ ਦੁਖ ਸਹਿਣੇ

ਅਸੀਂ ਨਹੀਂ ਹਾਂ ਵਿਛੋੜਿਆਂ ਜੋਗੇ,

ਅਸੀਂ ਨਹੀਂ ਹਾਂ

ਅਸੀਂ ਨਹੀਂ ਹਾਂ ਵਿਛੋੜਿਆਂ ਜੋਗੇ ਤੇ ਮਿੰਨਤਾਂ ਭੈਣ ਕਰਦੀ,

ਵੀਰਾ-

ਵੀਰਾ-ਤੇ ਤੇਰੇ ਜਿਹਾ ਕੋਈ ਨਾ ਦਿਸੇ ਚੰਨ ਹੀਰਾ

ਮੈਂ ਝਬਦੇ ਘਰਾਂ ਨੂੰ ਆਵਾਂ

ਮੈਂ ਝਬਦੇ

ਮੈਂ ਝਬਦੇ ਘਰਾਂ ਨੂੰ ਆਵਾਂ ਵੈਰੀਆਂ ਦੇ ਨਾਲ ਮਿਕ ਕੇ,

ਭੈਣੇਂ-

ਭੈਣੇਂ-ਨੀ ਨਿਤ ਦੇ ਵਿਛੋੜੇ ਨਹੀਂ ਇਹ ਰਹਿਣੇ

ਅਸਾਂ ਕਾਜ ਰਚਾਏ ਹੋਏ

ਅਸਾਂ ਕਾਜ

ਅਸਾਂ ਕਾਜ ਰਚਾਏ ਹੋਏ, ਤੇ ਤੇਰਿਆਂ ਸੇਹਰਿਆਂ ਦੇ,

ਵੀਰਾ-

ਵੀਰਾ-ਤੇ ਤੇਰੇ ਜਿਹਾ ਹੋਰ ਨਾ ਦਿਸੇ ਚੰਨ ਹੀਰਾ

ਅੱਜ ਸੇਹਰੇ ਨਾ ਬੰਨ੍ਹ ਹੋਂਦੇ

ਅੱਜ ਸੇਹਰੇ

ਅੱਜ ਸੇਹਰੇ ਨਾ ਬੰਨ੍ਹ ਹੋਂਦੇ ਤੇ ਬੂਹੇ ਤੇ ਸ਼ਰੀਕ ਗੱਜਦੇ

ਭੈਣੇਂ-

ਭੈਣੇਂ-ਤੇ ਅੱਜ ਤਲਵਾਰਾਂ ਨੇ ਸਾਡੇ ਗਹਿਣੇ

ਮੈਨੂੰ ਦੱਸ ਕੇ ਭਰਾਵਾ ਜਾਈਂ

ਮੈਨੂੰ ਦੱਸ ਕੇ

ਮੈਨੂੰ ਦੱਸ ਕੇ ਭਰਾਵਾ ਜਾਈਂ ਤੇ ਪਿੱਛੋਂ ਕਿਹਨੂੰ ਵੀਰ ਆਖਾਂ

ਵੀਰਾ-

ਵੀਰਾ-ਤੇ ਤੇਰੇ ਜਿਹਾ ਕੋਈ ਨਾ ਦਿਸੇ ਚੰਨ ਹੀਰਾ

ਸਾਂਝੀ ਭਾਰਤ ਮਾਤਾ ਸਭ ਦੀ

ਸਾਂਝੀ ਭਾਰਤ

ਸਾਂਝੀ ਭਾਰਤ ਮਾਤਾ ਸਭ ਦੀ ਤੇ ਸਭੇ ਤੇਰੇ ਵੀਰ ਲੱਗਦੇ

ਭੈਣੇਂ-

ਭੈਣੇਂ-ਤੇ ਮੇਰੇ ਸਾਥੀ ਵੀ ਮੇਰੇ ਜਿਹੇ ਨੇ

ਜਿੰਦ ਚੰਦਰੀ ਵਿਛੋੜਿਓਂ ਡਰਦੀ

ਜਿੰਦ ਚੰਦਰੀ

ਜਿੰਦ ਚੰਦਰੀ ਵਿਛੋੜਿਓਂ ਡਰਦੀ ਤੇ ਰੋਕਿਆਂ ਵੀ ਲੀਕ ਲੱਗਦੀ

ਵੀਰਾ-

ਵੀਰਾ-ਤੇ ਤੇਰੇ ਜਿਹਾ ਕੋਈ ਨਾ ਦਿਸੇ ਚੰਨ ਹੀਰਾ

ਮੱਥੇ ਲਾ ਕੇ ਤਿਲਕ ਸੰਧੂਰੀ,

ਮੱਥੇ ਲਾ ਕੇ

ਮੱਥੇ ਲਾ ਕੇ ਤਿਲਕ ਸੰਧੂਰੀ ਤੇ ਲੱਕ ਤਲਵਾਰ ਬੰਨ੍ਹ ਕੇ

ਭੈਣੇਂ-

ਭੈਣੇਂ-ਤੇ ਚਾਰ ਦਿਨ ਜ਼ਿੰਦਗੀ ਦੇ ਨਹੀਂ ਰਹਿਣੇ

ਤੈਨੂੰ ਰੱਬ ਦੇ ਹਵਾਲੇ ਕੀਤਾ,

ਤੈਨੂੰ ਰੱਬ ਦੇ

ਤੈਨੂੰ ਰੱਬ ਦੇ ਹਵਾਲੇ ਕੀਤਾ ਸ਼ਾਲਾ ਤੇਰੀ ਖ਼ੈਰ ਹੋਵੇ

ਵੀਰਾ-

ਵੀਰਾ-ਤੇ ਤੇਰੇ ਜਿਹਾ ਹੋਰ ਨਾ ਦਿਸੇ ਚੰਨ ਹੀਰਾ

📝 ਸੋਧ ਲਈ ਭੇਜੋ