ਹੋਰ ਪਾਕਿਸਤਾਨ ਨਹੀਂ ਬਣਾਵਾਂਗੇ

ਕਨਸੋਅ ਮਿਲ਼ ਰਹੀ ਹੈ

ਪਾਕਿਸਤਾਨ ਵਰਗਾ ਇੱਕ ਹੋਰ ‘ਸਤਾਨ ਬਣਾਉਣ ਦੀ

ਇੱਕ ਹੋਰ ਕਿਲ੍ਹਾ  ਬਣਾ ਇੱਕ ਵੱਖਰਾ ਝੰਡਾ ਲਹਿਰਾਉਣ ਦੀ

ਦੇਸ਼-ਵਿਦੇਸ਼ ਵਿੱਚ ਹੋ ਰਹੀ ਤਿਆਰੀ ਹੈ

ਇਸ ਲਈ ਜਲਦੀ ਹੀ ਹੋਣੀ ਵਿਸ਼ੇਸ਼ ਰਾਏਸ਼ੁਮਾਰੀ ਹੈ 

ਪਰ ਕੀ ਮਿਲ਼ੇਗਾ ਇਕ ਹੋਰ ‘ਸਤਾਨ’ ਬਣਾਉਣ ਨਾਲ਼?

ਕੀ ਮਿਲ਼ਿਆ ਹੈ ਪਾਕਿਸਤਾਨ ਬਣਾਉਣ ਨਾਲ਼ ?

ਲੱਖਾਂ ਕਤਲ,ਬਲਾਤਕਾਰ ,ਤਬਾਹ ਹੋਏ ਕਾਰੋਬਾਰ

ਏਹੋ ਕੁਝ ਫਿਰ ਹੋ ਸਕਦਾ ਹੈ ਇੱਕ ਹੋਰ ਵਾਰ

ਤਰਾਈ , ਦਿੱਲੀ ਦੱਖਣ ਦੀਆਂ ਦਸਤਾਰਾਂ ਨਾਲ਼

ਉਹਨਾਂ ਦੇ ਭੁਜੰਗੀਆਂ, ਬਿਰਧਾਂ , ਉਹਨਾ ਦੀਆਂ ਨਾਰਾਂ ਨਾਲ

ਹੋ ਸਕਦਾ ਹੈ ਵੰਡਾਂ , ਨਫ਼ਰਤਾਂ , ਜੰਗਾਂ ਦਾ ਕੁਝ ਹੋਰ ਪਸਾਰ

ਬਣ ਸਕਦਾ ਹੈ ਸ਼ੰਭੂ ਇੱਕ ਹੋਰ ਵਾਹਗਾ ਇੱਕ ਹੋਰ ਕੰਡਿਆਲੀ ਤਾਰ

ਪਾਕਿਸਤਾਨ ਵਰਗਾ ਇੱਕ ਹੋਰ ‘ਸਤਾਨ’ ਬਣਾਉਣ ਨਾਲ

ਕੀ ਪਾਕਿਸਤਾਨ ਬਣਾਉਣ ਨਾਲ ਮੁੱਕ ਗਈ ਹੈ

ਗ਼ੁਰਬਤ ਭੁੱਖਮਰੀ ਅਨਪੜ੍ਹਤਾ ਬੇਰੁਜ਼ਗਾਰੀ ਦੀ ਮਾਰ ?

ਕੀ ਖੱਟਿਆ ਕਰਵਾਕੇ ਲੱਖਾਂ ਦਾ ਨਰਸੰਹਾਰ ?

ਵੈਸੇ ਵੀ ਅਸੀਂ ਉਸ ਦੇਸ਼ ਤੋਂ ਕਿਉਂ ਭਗੌੜੇ ਹੋਈਏ

ਜਿਸਦੀ ਇਮਾਰਤ ਸਾਡੇ ਪਰਖ਼ਿਆਂ ਦੀਆਂ 

ਕੁਰਬਾਨੀਆਂ ਦੀ ਨੀਂਹ 'ਤੇ ਉਸਰੀ ਹੈ

ਅਸੀਂ ਇਸੇ ਨੂੰ ਆਪਣੇ ਸੁਪਨਿਆਂ ਦੇ ਹਾਣ ਦਾ ‘ਸਤਾਨ’

ਬਣਾਵਾਂਗੇ

ਅਸੀਂ ਇਸਦੀ ਹਰ ਕਾਣੋਂ ਕੱਢ ਗੁਣੀਏ ਵਿੱਚ ਕਰਨ ਲਈ

ਪੂਰਾ ਤਾਣ ਲਾਵਾਂਗੇ

ਪਰ ਅਸੀਂ ਹੋਰ ਪਾਕਿਸਤਾਨ ਹਰਗਿਜ਼ ਨਹੀਂ ਬਣਾਵਾਂਗੇ

ਹਿੰਦ ਕਿਸੇ ਦੇ ਪਿਓ ਦੀ ਜਗੀਰ ਨਹੀਂ 

ਸਾਡਾ ਸਭ ਦਾ ਸਾਂਝਾ ਹੈ

ਕਿਉਂ ਛੱਡੀਏ ਆਪਣਾ ਹੱਕ ਇਸ ਤੋਂ

ਜਿਸ ਲਈ ਸਾਡੇ ਰਹਿਬਰਾਂ ਸਰਬੰਸ ਵਾਰਿਆ ਸੀ

ਤੱਤੀਆਂ ਤਵੀਆਂ 'ਤੇ ਤਸੀਹੇ ਝੱਲੇ

ਬੰਦ ਬੰਦ ਕਟਵਾਇਆ , ਖੋਪੜੀਆਂ ਲੁਹਾਈਆਂ

ਦੇਗਾਂ ਵਿੱਚ ਉਬਾਲ਼ੇ ਗਏ ,ਸਿਰਾਂ 'ਤੇ ਆਰੇ ਚਲਵਾਏ

ਜਰਵਾਣਿਆਂ ਫ਼ਰੰਗੀਆਂ ਨਾਲ਼ ਮੱਥਾ ਲਾਇਆ

ਅੱਜ ਜਦੋਂ ਕਸ਼ਮੀਰ ਨੂੰ ਹੀ ਨਹੀਂ 

ਕੰਨਿਆਂਕੁਮਾਰੀ ਤੱਕ ਹਿੰਦ ਦੀ ਚਾਦਰ ਨੂੰ

ਤੇਗ਼ ਬਹਾਦਰ ਦੀ ਅਣਸ ਦੀ ਲੋੜ ਹੈ

ਤਾਂ ਹਲਾਤ ਨੂੰ ਪਿੱਠ ਵਿਖਾ ਆਪਣੀ ਸੁਨਹਿਰੀ ਤਵਾਰੀਖ਼

ਕਲੰਕਤ ਕਿਉਂ ਕਰੀਏ

ਅਸੀਂ ਇੱਥੋਂ ਦੇ ਮਸਜਦੀਆਂ ,ਕਸ਼ਮੀਰੀਆਂ ,ਗੁੱਜਰਾਂ , ਬੱਕਰਵਾਲ਼ਾਂ

ਅਸੁਰਾਂ ,ਗੌਂਡ ਭੀਲਿਆਂ

ਖਾਸੀ , ਗਾਰੋ ਤੇ ਹੋਰ ਅਣਗਿਣਤ ਕਬੀਲਿਆਂ

ਕਾਮਿਆਂ , ਕਿਸਾਨਾਂ ਨੂੰ ਜਾਬਰਾਂ ਦੇ 

ਰਹਿਮੋ-ਕਰਮ 'ਤੇ ਛੱਡ ਕਿਤੇ ਨਹੀ ਜਾਵਾਂਗੇ

ਅਸੀਂ ਇੱਕ ਹੋਰ ਪਾਕਿਸਤਾਨ ਬਣਾਉਣ ਦੀ ਬਜਾਏ

ਹਿੰਦ ਨੂੰ ਹੀ ਖ਼ਾਲਸ ਬਣਾਵਾਂਗੇ

ਅਸੀਂ ਸਵਾਰਥੀ ‘ਸਤਾਨੀਏ ਨਹੀਂ

ਗੁਰੂ ਦੇ ਅਸਲੀ ਪੈਰੋਕਾਰ ਹਾਂ

ਦੀਨ ਦੁਖੀ ਦੀ ਢਾਲ਼ 

ਨਿਓਟਿਆਂ ਦੀ ਓਟ

ਨਿਆਸਰਿਆਂ ਦਾ ਆਸਰਾ

ਹਿੰਦੂਆਂ ਦੇ ਗੁਰੂ ਮੁਸਲਮ ਦੇ ਪੀਰ ਦੀ ਸੋਚ ਤੇ

ਸਰਬੱਤ ਦੇ ਭਲੇ ਵਾਲ਼ਾ

ਕਾਇਨਾਤੀ ਨਾਨਕਸਤਾਨ’ ਬਣਾਵਾਂਗੇ

ਅਸੀਂ ਇੱਕ ਹੋਰ ਪਾਕਿਸਤਾਨ ਨਹੀਂ ਬਣਾਵਾਂਗੇ।

📝 ਸੋਧ ਲਈ ਭੇਜੋ