ਹੋਠਾਂ ਉੱਤੇ ਚੁੱਪ ਦਾ ਪਹਿਰਾ, ਪੈਰੀਂ ਪਾ ਜ਼ੰਜੀਰ ਗਿਆ ।
ਸਧਰਾਂ ਦੀ ਮੁਟਿਆਰ ਦੀ ਚੁੰਨੀ, ਕਰ ਕੋਈ ਲੀਰੋ ਲੀਰ ਗਿਆ ।
ਕਿਹੜੇ ਫੁੱਲ ਦੀ ਤਾਂਘ ਨੇ ਤੈਨੂੰ, ਅਧਮੋਇਆ ਕਰ ਦਿੱਤਾ ਏ ?
ਵਿੱਚ ਬਹਾਰਾਂ ਬੁਲ-ਬੁਲ ! ਤੇਰਾ ਰੋਣਾ ਸੀਨਾ ਚੀਰ ਗਿਆ ।
ਕੱਲ੍ਹ ਦੀ ਟੱਕਰ ਵਿੱਚ ਜੋ ਮਰਿਆ, ਦੁਨੀਆਂ ਵਾਲੇ ਜਾਨਣ ਕੀ,
ਤਾਜ ਕੀਹਦਾ ਸੀ ? ਪੁੱਤਰ ਕੀਹਦਾ ? ਕਿਸ ਦਾ ਸੋਹਣਾ ਵੀਰ ਗਿਆ ?
ਸੋਚ-ਸਮਝ ਦਾ ਪਾਂਧੀ ਬਣ ਕੇ, ਕਿੰਨਾਂ-ਕੁ ਚਿਰ ਲੜਦਾ ਉਹ,
ਅੱਜ ਤੇ 'ਰਾਂਝਾ' ਅਪਣੇ ਹੱਥੀਂ 'ਸੈਦੇ' ਨੂੰ ਦੇ 'ਹੀਰ' ਗਿਆ ।
ਸੁਖ ਕੀ ?ਸੁਖ ਦੀ 'ਵਾ ਵੀ ਭੁੱਲ ਕੇ, ਮੇਰੇ ਵਿਹੜੇ ਆਈ ਨਾ,
ਤੈਨੂੰ ਮੇਰੇ ਖ਼ੁਆਬ ਦੀ ਕੋਈ, ਉਲਟੀ ਦੱਸ ਤਾਬੀਰ ਗਿਆ ।
ਅੱਖਾਂ ਸੁੱਕੀਆਂ ਵੇਖ ਨਾ ਸਮਝੀਂ, ਮੈਨੂੰ ਗੱਲਾਂ ਭੁੱਲੀਆਂ ਨੇ,
ਸੀਨੇ ਭਾਂਬੜ ਬਲਦਾ ਹੈ, ਪਰ ਅੱਖਾਂ 'ਚੋਂ ਸੁੱਕ ਨੀਰ ਗਿਆ ।
ਲੋਕੀਂ ਮੈਥੋਂ ਪੁੱਛਣ ਤੇ, ਫਿਰ ਦੱਸ 'ਸਲੀਮ' ਮੈਂ ਦੱਸਾਂ ਕੀ ?
ਇੱਕੋ ਆਸ ਦਾ ਤਾਰਾ ਸੀ, ਤੇ ਉਹ ਵੀ ਡੁੱਬ ਅਖ਼ੀਰ ਗਿਆ ।