ਹੋਠਾਂ ਤੇ ਹਾਂ ਦੁਮੇਲ ਦੇ ਸੂਰਜ

ਹੋਠਾਂ ਤੇ ਹਾਂ ਦੁਮੇਲ ਦੇ ਸੂਰਜ ਦਾ ਜਾਮ ਹਾਂ।

ਰੁੱਖਾਂ ਨੂੰ ਮਿਲਣ ਨਿਕਲੀ ਆਵਾਰਾ ਸ਼ਾਮ ਹਾਂ।

ਬੁੱਲੇ ਹਵਾ ਦੇ ਤੇ ਪਰਿੰਦੇ ਲੈ ਗਏ ਕਦੀ,

ਅਪਣੇ ਘਰੇ ਪਰਤੀ ਨਾ ਜੋ ਸ਼ਬ ਦਾ ਸਲਾਮ ਹਾਂ।

ਤੈਨੂੰ ਹਰੀ ਭਰੀ ਕਿਸੇ ਮੰਜ਼ਲ ਦੀ ਹੈ ਤਲਾਸ਼,

ਮੈਂ ਚੰਨ ਤਰ੍ਹਾਂ ਵੀਰਾਨ, ਪਰ ਰੌਸ਼ਨ ਮੁਕਾਮ ਹਾਂ।

ਲਿਖ ਹੀ ਲਿਐ ਤਾਂ ਕੁਝ ਸਮਾਂ ਏਦਾਂ ਹੀ ਰਹਿਣ ਦੇ,

ਲਿਖਕੇ ਮਿਟਾ ਨਾ, ਫਿਰ ਵੀ ਮੈਂ ਤੇਰਾ ਹੀ ਨਾਮ ਹਾਂ।

ਪੱਤੇ ਕੀ! ਮੇਰੇ ਸੱਲ ਵੀ, ਲੈ ਗਈ ਹਵਾ ਉਡਾ,

ਜੰਗਲ ਤੇ ਜੋ ਬੀਤੀ ਹੈ, ਮੈਂ ਉਸਦਾ ਪੈਗ਼ਾਮ ਹਾਂ।

ਪੜ੍ਹ ਜਾਂ ਨਾ ਪੜ੍ਹ ਤੂੰ ਪਰਾਏ ਵਾਂਗ ਤਾਂ ਨਾ ਵੇਖ,

‘ਅਜਮੇਰ ਗਿੱਲ’ ਮੈਂ ਤਾਂ ਤਿਰਾ ਅਪਣਾ ਕਲਾਮ ਹਾਂ।

📝 ਸੋਧ ਲਈ ਭੇਜੋ