ਹੋਇਆ ਮੰਦੜਾ ਹਾਲ ਸਹੇਲੀ

ਹੋਇਆ ਮੰਦੜਾ ਹਾਲ ਸਹੇਲੀ ਐਧਰ ਵੀ ਤੇ ਓਧਰ ਵੀ 

ਰੁਲ਼ ਗਏ ਸਾਡੇ ਲਾਲ ਸਹੇਲੀ ਐਧਰ ਵੀ ਤੇ ਓਧਰ ਵੀ

ਲਾਲ ਹਨ੍ਹੇਰੀ ਜਦ ਵੀ ਝੁੱਲੀ ਔਂਤਰ ਜਾਣੀ ਮਾਵਾਂ ਤੋਂ 

ਖੋਹ ਲਏ ਕਿੰਨੇ ਬਾਲ ਸਹੇਲੀ ਐਧਰ ਵੀ ਤੇ ਓਧਰ ਵੀ

ਕਿੰਜ ਘੁੱਗੀਆਂ ਦੇ ਆਂਡੇ ਪੀਤੇ ਬੋਟ ਨਾ ਛੱਡੇ ਚਿੜੀਆਂ ਦੇ 

ਕਾਂਵਾਂ ਚੱਲ ਕੇ ਚਾਲ ਸਹੇਲੀ ਐਧਰ ਵੀ ਤੇ ਓਧਰ ਵੀ

ਯਾਰਾਂ ਹੱਥੋਂ ਯਾਰ ਲੁਟੀਜੇ ਵੀਰ ਲੁਟੀਜੇ ਵੀਰਾਂ ਤੋਂ 

ਬਣ ਕੇ ਲੁੱਟ ਦਾ ਮਾਲ ਸਹੇਲੀ ਐਧਰ ਵੀ ਤੇ ਓਧਰ ਵੀ

ਅੰਨ੍ਹੀ ਖੇਡ ਨੇ ਇੰਜ ਖਿਡਾਇਆ ਕੰਧਾਂ ਵੀ ਰੁੱਸ ਪਈਆਂ ਸਨ 

ਇੱਕ ਦੂਜੀ ਦੇ ਨਾਲ਼ ਸਹੇਲੀ ਐਧਰ ਵੀ ਤੇ ਓਧਰ ਵੀ

ਚੇਤਾ ਜਾਂ ਭੁੱਲ ਗਈ ਐਂ ਤੂੰ ਕਿੰਜ ਕਿੰਜ ਸੀ ਲਹੂ ਚਿੱਟੇ ਤੋਂ 

ਪਾਣੀ ਹੋ ਗਏ ਲਾਲ ਸਹੇਲੀ ਐਧਰ ਵੀ ਤੇ ਓਧਰ ਵੀ

ਕਿੰਨੇ ਨੇਂ ਹਾਲੇ ਵੀ ਜੋ ਥਾਂ ਥਾਂ ਕਰਦੇ ਫਿਰਦੇ ਨੇਂ 

ਇੱਕ ਦੂਜੇ ਦੀ ਭਾਲ ਸਹੇਲੀ ਐਧਰ ਵੀ ਤੇ ਓਧਰ ਵੀ 

ਜੁਗਨੀ ਮਾਹੀਏ ਢੋਲੇ ਟੱਪੇ ਗੀਤ ਵਿੱਛੜ ਗਏ ਗੀਤਾਂ ਤੋਂ 

ਸੁਰ ਤੋਂ ਵਿਛੜੀ ਤਾਲ ਸਹੇਲੀ ਐਧਰ ਵੀ ਤੇ ਓਧਰ ਵੀ

ਇੱਕ ਦੂਜੇ ਵੱਲ ਰਹਿ ਗਏ ਸਨ ਜੋ ਅੱਜ ਵੀ ਰੱਜ ਰਵਾਉਂਦੇ ਨੇਂ 

ਕਈ ਛੰਨੇ ਕਈ ਥਾਲ ਸਹੇਲੀ ਐਧਰ ਵੀ ਤੇ ਓਧਰ ਵੀ

ਜਿੰਨਾ ਮਰਜ਼ੀ ਭੁੱਲੀਏ ਭਾਵੇਂ ‘ਸੰਧੂ’ ਸੱਚ ਕਹਿੰਦਾ ਏ 

ਭੁੱਲਣਾ ਨਈਂ ਉਹ ਸਾਲ ਸਹੇਲੀ ਐਧਰ ਵੀ ਤੇ ਓਧਰ ਵੀ

📝 ਸੋਧ ਲਈ ਭੇਜੋ