ਹੂ ਬਾ ਹੂ ਤੇਰੇ ਵਰਗੀ
ਹੋ ਗਈ ਹੈ ਕਵਿਤਾ
ਨਾ ਤਾਂ ਸੌਣ ਦਿੰਦੀ ਹੈ
ਤੇ ਨਾ ਹੀ ਰੱਜ ਕੇ ਰੋਣ
ਮਿਲਦੀ ਹੈ ਤਾਂ
ਬਹਾਨੇ ਗਿਣਦੀ
ਕੋਲ ਬਹਿੰਦੀ
ਇਸ਼ਕ-ਏ-ਕਦ ਮਿਣਦੀ
ਇਕ ਇਕ ਗੱਲ
ਸਮੇਂ 'ਚ ਚਿਣਦੀ
ਮਹਿਕ ਜੇਹੀ ਜਿਵੇਂ ਗੱਲਾਂ ਕਰਦੀ
ਪੌਣ ਸੁਗੰਧ ਮੁਹੱਬਤੋਂ ਡਰਦੀ
ਪੁੱਛਾਂ ਉਹਨੂੰ ਦਿਲ ਤਾਂ ਕਰਦਾ
ਕਿੰਜ ਤੇਰਾ ਬਿਨ ਚੰਦ ਤੋਂ ਸਰਦਾ
ਕੌਣ ਤੇਰੇ ਨਾਲ ਗੱਲਾਂ ਕਰਦਾ
ਕੋਈ ਤਾਂ ਹੋਣਾ ਯਾਦਾਂ ਵਰਗਾ
ਕਦੇ ਜੂੜੇ 'ਚ ਸੀ ਤਾਰੇ ਜੜਦਾ
ਏਡੀ ਛੇਤੀ ਨਹੀਂ ਚੇਤਿਓਂ ਮਰਦਾ
ਪੁੱਛਾਂ ਉਹਨੂੰ ਕਿ ਹੁਣ ਕਿਹੜਾ
ਨੋਟ ਗਿਣਾ ਲਏ ਸਨ ਕਿਸੇ ਨੇ
ਨਾ ਹੀ ਤੂੰ ਸੁੱਤੀ ਪਈ ਸੈਂ
ਕਿ ਕਿਸੇ ਨੇ ਸਰ੍ਹਾਣੇ ਨਾਲ
ਬੰਨ੍ਹ ਦਿਤਾ ਹੋਵੇ ਗ੍ਰਹਿਣਿਆ ਚੰਦ
ਜੇ ਆ ਹੀ ਗਈਂ ਏਂ
ਤਾਂ ਅੱਧੀ ਬਣ ਕੇ ਨਾ ਆਵੀਂ
ਅੱਧਖਿੜੇ ਫੁੱਲ ਤੇ ਬੁੱਲ੍ਹ
ਕਿਸੇ ਨੂੰ ਨਹੀਂ ਮੋਹਦੇਂ
ਚੱਲ ਓਹ ਵੇਲਾ ਯਾਦ ਕਰੀਏ
ਜਦ ਆਪਾਂ ਇਕ ਦੂਸਰੇ ਦੀਆਂ
ਸੱਜਰੀਆਂ ਪੈੜਾਂ ਦੀ ਧੂੜ
ਇਸ਼ਕ ਨੂੰ ਛੁਹਾ
ਹਿੱਕਾਂ ਨੂੰ ਲਾਉਂਦੇ ਹੁੰਦੇ ਸਾਂ ਚੁੱਕ ਚੁੱਕ
ਤੇ ਤੂੰ ਕਹਿੰਦੀ ਹੁੰਦੀ ਸੀ
ਤੂੰ ਪਤਾ ਨਹੀਂ
ਕਿਹੜੇ ਤਵੀਤ ਘੋਲ ਕੇ
ਪਿਲਾਏ ਹੋਏ ਆ
ਕਿ ਮੇਰਾ ਤੇਰੇ ਅੱਗੇ ਪਿੱਛੇ ਹੀ
ਫਿਰਨ ਨੂੰ ਜੀਅ ਕਰਦਾ ਰਹਿੰਦਾ ਹੈ
ਤੇ ਹਾਂ ਇਕ ਵਾਰ
ਤੈਂ ਇਹ ਵੀ ਕਿਹਾ ਸੀ ਕਿ
ਕਿ ਮੁਹੱਬਤ ਕਹਿੰਦੀ ਹੈ
ਜੇ ਯਾਰ ਦੀ ਬੁੱਕਲ 'ਚ ਮਰੀਏ
ਤਾਂ ਸੁਰਗਾਂ ਨੂੰ ਜਾਈਦਾ
ਏਹੀ ਵਿਸ਼ਵਾਸ ਹੈ
ਜਹਾਨ ਦਾ
ਹਰ ਮੁਕਾਮ ਦਾ
ਹਰ ਪੈਗਾਮ ਦਾ