ਹੁੰਮਸ ਟੁੱਟਾ

ਹੁੰਮਸ ਟੁੱਟਾ

ਬਹੁਤ ਚਿਰਾਂ ਤੋਂ ਬਾਅਦ ਹਵਾ ਵਿਚ ਹਰਕਤ ਆਈ 

ਠਹਿਰੇ ਠਹਿਰੇ ਪਾਣੀ ਲਹਿਰੇ 

ਅੱਜ ਤਾਂ ਜੀਣ ਨੂੰ ਜੀਅ ਕਰਦਾ ਹੈ 

ਚਲ ਅਪਣੇ 'ਚੋਂ ਬਾਹਰ ਨਿਕਲੀਏ 

ਪਿੰਡੇ ਦੇ ਸਾਰੇ ਦਰਵਾਜ਼ੇ ਖੋਲ੍ਹ ਦੇਵੀਏ 

ਬਾਹਰ ਜ਼ਿੰਦਾ ਜ਼ਿੰਦਾ ਮੌਸਮ ਸੈਣਤ ਕਰਦੇ 

ਚਲੋ ਜੀਣ ਦੇ ਸਫ਼ਰ 'ਤੇ ਚਲੀਏ 

ਆਪੋ ਆਪਣੇ ਮੁਰਦੇ ਏਥੇ ਦਫ਼ਨਾ ਜਾਈਏ 

ਅਪਣੇ ਪਿੰਡੇ ਦੇ ਚੋਂਦੇ ਜ਼ਖ਼ਮਾਂ ਨੂੰ 

ਏਥੇ ਹੀ ਛਡ ਜਾਈਏ

ਚਿੱਟੇ ਚਾਨਣ ਵਾਂਗੂੰ ਘਰੋਂ ਨਿਕਲੀਏ

ਕਰਮਕੋਰੇ

ਰਾਹ ਦੀਆਂ ਲੋੜਾਂ ਰਾਹ ਵਿਚੋਂ ਹੀ ਸਾਰ ਲਵਾਂਗੇ

ਤੇਰੇ ਮੇਰੇ ਜ਼ਖ਼ਮਾਂ ਜੇਕਰ

ਅਪਣੀ ਕਥਾ-ਕਹਾਣੀ ਛੇੜੀ

ਸਭ ਰਸਤੇ ਗੁੰਝਲਾ ਜਾਵਣਗੇ

ਫਿਰ ਹੁੰਮਸ ਵਿਚ ਆਪਣਾ ਆਪ ਹੁਮਕ ਜਾਵੇਗਾ 

ਫੇਰ ਜਿਸਮ 'ਚੋਂ ਬੁੱਸੀ ਬੁੱਸੀ ਬੋਅ ਆਵੇਗੀ

 

📝 ਸੋਧ ਲਈ ਭੇਜੋ