ਹੁਣ ਘਰਾਂ ਨੂੰ ਪਰਤਣਾ

ਹੁਣ ਘਰਾਂ ਨੂੰ ਪਰਤਣਾ ਮੁਸ਼ਕਲ ਬੜਾ ਹੈ

ਕੌਣ ਪਹਿਚਾਣੇਗਾ ਸਾਨੂੰ

ਮੱਥੇ ਉੱਤੇ ਮੌਤ ਦਸਖਤ ਕਰ ਗਈ ਹੈ

ਚਿਹਰੇ ਉੱਤੇ ਯਾਰ ਪੈੜਾਂ ਛੱਡ ਗਏ ਨੇ

ਸ਼ੀਸ਼ੇ ਵਿਚੋਂ ਹੋਰ ਕੋਈ ਝਾਕਦਾ ਹੈ

ਅੱਖਾਂ ਵਿੱਚ ਕੋਰੀ ਲਿਸ਼ਕ ਹੈ

ਕਿਸੇ ਢੱਠੇ ਘਰ ਦੀ ਛੱਤ ਹੈ

ਆਉਂਦੀ ਹੋਈ ਲੋਅ ਜਿਹੀ

ਡਰ ਜਾਏਗੀ ਮੇਰੀ ਮਾਂ

ਮੇਰਾ ਪੁੱਤਰ ਮੇਰੇ ਤੋਂ ਵੱਡੀ ਉਮਰ ਦਾ

ਕਿਹੜੇ ਸਾਧੂ ਦਾ ਸਰਾਪ

ਕਿਸ ਸ਼ਰੀਕਣ ਚੰਦਰੀ ਦੇ ਟੂਣੇ ਟਾਮਣ ਨਾਲ ਹੋਇਆ

ਹੁਣ ਘਰਾਂ ਨੂੰ ਪਰਤਣਾ ਚੰਗਾ ਨਹੀ ਹੈ

ਏਨੇ ਡੁੱਬ ਚੁੱਕੇ ਨੇ ਸੂਰਜ

ਏਨੇ ਮਰ ਚੁੱਕੇ ਖੁਦਾ

ਜਿਉਂਦੀ ਮਾਂ ਨੂੰ ਵੇਖ ਕੇ

ਆਪਣੇ ਜਾਂ ਉਸ ਦੇ

ਪਰੇਤ ਹੋਵਣ ਦਾ ਹੋਏਗਾ ਤੌਖਲਾ

ਜਦ ਕੋਈ ਬੇਲੀ ਪੁਰਾਣਾ ਮਿਲੇਗਾ

ਬਹੁਤ ਯਾਦ ਆਵੇਗਾ ਆਪਣੇ ਅੰਦਰੋਂ

ਚਿਰਾਂ ਦਾ ਮਰ ਚੁੱਕਾ ਮੋਹ

ਰੋਣ ਆਵੇਗਾ ਤਾਂ ਫਿਰ ਆਵੇਗਾ ਯਾਰ

ਅੱਥਰੂ ਤਾਂ ਮੇਰੇ ਦੂਜੇ ਕੋਟ ਦੀ ਜੇਬੀ 'ਚ ਰੱਖੇ ਰਹਿ ਗਏ

ਜਦੋਂ ਚਾਚੀ ਇਸਰੀ

ਸਿਰ ਪਲੋਸੇਗੀ ਅਸੀਸਾਂ ਨਾਲ

ਕਿਸ ਤਰਾਂ ਦੱਸਾਂਗਾ ਮੈਂ

ਏਸ ਸਿਰ ਵਿੱਚ ਕਿਸ ਤਰਾਂ ਦੇ ਛੁੱਪੇ ਹੋਏ ਨੇ ਖਿਆਲ

ਆਪਣੀ ਹੀ ਲਾਸ਼ ਢੋਂਦਾ ਆਦਮੀ

ਪਤੀ ਦੇ ਸਜਰੇ ਸਿਵੇ ਤੇ ਮਾਸ ਰਿੰਨ੍ਹਦੀ ਰੰਨ

ਕਿਸੇ ਹੈਮਲਤ ਦੀ ਮਾਂ

ਸਰਦੀਆਂ ਵਿੱਚ ਬੰਦਿਆ ਦੇ ਸਿਵੇ ਸੇਕਣ ਵਾਲਾ ਰੱਬ

ਜਿਨ੍ਹਾਂ ਅੱਖਾਂ ਨਾਲ ਦੇਖੇ ਨੇ ਦੁਖਾਂਤ

ਕਿਸ ਤਰਾਂ ਮੇਲਾਂਗਾ ਅੱਖਾਂ

ਆਪਣੇ ਬਚਪਨ ਦੀ ਮੈਂ ਤਸਵੀਰ ਨਾਲ

ਆਪਣੇ ਨਿੱਕੇ ਘਰ ਨਾਲ

ਸ਼ਾਮ ਨੂੰ ਜਦ ਮੜ੍ਹੀ ਤੇ ਦੀਵਾ ਬਲੇਗਾ

ਗੁਰਦੁਆਰੇ ਸੰਖ ਵੱਜੇਗਾ

ਉਹ ਬਹੁਤ ਆਵੇਗਾ ਯਾਦ

ਉਹ ਕਿ ਜਿਹੜਾ ਮਰ ਗਿਆ ਹੈ

ਉਹ ਕਿ ਜਿਸ ਦੀ ਮੌਤ ਦਾ

ਇਸ ਭਰੀ ਨਗਰੀ 'ਚ ਬਸ ਮੈਨੂੰ ਪਤਾ ਹੈ

ਜੇ ਕਿਸੇ ਨੇ ਹੁਣ ਮੇਰੇ ਮਨ ਦੀ ਤਲਾਸ਼ੀ ਲੈ ਲਈ

ਬਹੁਤ ਰਹਿ ਜਾਵਾਂਗਾ ਕੱਲਾ

ਕਿਸੇ ਦੁਸ਼ਮਣ ਦੇਸ਼ ਦੇ ਜਾਸੂਸ ਵਾਂਗ

ਹੁਣ ਘਰਾਂ 'ਚ ਵੱਸਣਾ ਸੌਖਾ ਨਹੀਂ ਹੈ

ਚਿਹਰੇ ਉੱਤੇ ਯਾਰ ਪੈੜਾਂ ਛੱਡ ਗਏ ਨੇ

ਸ਼ੀਸ਼ੇ ਵਿਚੋਂ ਹੋਰ ਕੋਈ ਝਾਂਕਦਾ ਹੈ

ਹੁਣ ਘਰਾਂ ਨੂੰ ਪਰਤਣਾ ਮੁਸ਼ਕਲ ਬੜਾ ਹੈ

ਕੌਣ ਪਹਿਚਾਣੇਗਾ ਸਾਨੂੰ

📝 ਸੋਧ ਲਈ ਭੇਜੋ