ਹੁਣ ਜਦ ਮਾਂ
ਹਰਦੁਆਰ ਵਾਲੀ ਵਹੀ ‘ਚ ਜਾ ਬੈਠੀ
ਸਹੁਰਿਆਂ ਦੇ ਪੁਸ਼ਤੀ ਖਾਤਿਆਂ ‘ਚ
ਤਾਂ ਪਿਤਾ ਧਾਹੀਂ ਰੋਂਦਾ ਹੈ
ਮਾਂ ਨਾਲ ਕੀਤੀਆਂ ਵਧੀਕੀਆਂ ਲਈ
ਬਾਰ ਬਾਰ ਮੁਆਫੀਆਂ ਮੰਗਦਾ ਹੈ
ਜਾਂ ਆਪਣੀ ਸਲਤਨਤ ਦੇ
ਖੁੱਸ ਜਾਣ ਦਾ ਵਿਰਲਾਪ ਕਰਦਾ ਹੈ
ਮਾਂ ਧਰਤੀ-
ਜਿੱਥੇ ਪਿਤਾ ਨੇ ਨਾ ਪਿਆਰ-ਨਾ ਸਾਥ
ਬੱਸ ਹੁਕਮ ਬੀਜਿਆ
ਮਾਂ ਜਿਸਨੇ-
ਹਰ ਤੰਗੀ ਤੁਰਸ਼ੀ ‘ਚ
ਪਿਤਾ ਦੇ ਮੋਢੇ ਨਾਲ ਮੋਢਾ ਲਾ
ਘਰ ਦਾ ਤੀਲਾ ਤੀਲਾ ਜੋੜਿਆ
ਖੂਹ ਜਿੰਨੇ ਡੂੰਘੇ ਪਲਾਟ ਵਿਚ
ਹੱਥੀਂ ਟੋਕਰੀਆਂ ਨਾਲ ਭਰਤ ਪਾਇਆ
ਤੇ ਘਰ ਸਜਾਇਆ
ਮਾਂ- ਧਰਤੀ ਮਾਂ-
ਜਿਸਨੇ ਕਦੇ ਸੀ ਨਾ ਕੀਤੀ
ਨਾ ਬੱਚੇ ਜੰਮਣ ਵੇਲੇ
ਨਾ ਪਾਲਣ ਵੇਲੇ
ਬੱਸ ਹਰ ਵਕਤ ਕੁਝ ਨ ਕੁਝ ਕਰਦੀ ਰਹੀ
ਸੰਵਾਰਦੀ ਰਹੀ
ਮਾਂ ਨੇ ਦਿੳਰ ਨੂੰ ਵੀ ਮਾਂ ਵਾਂਗ ਪਾਲਿਆ
ਤੇ ਜੇਠ ਦੇ ਘਰ ਕੁੱਖ ਖਾਲੀ ਦੇਖ ਕੇ
ਆਪਣੇ ਦੋ ਬੱਚੇ ਉਹਦੀ ਝੋਲੀ ਪਾਏ
ਸੁੰਨੇ ਵਿਹੜੇ ‘ਚ ਰੌਣਕਾਂ ਭਰੀਆਂ
ਮਾਂ –
ਜਿਸਨੇ ਪਿਤਾ ਦੇ ਹਰ ਵਾਰ
ਭੈਣਾਂ ਭਰਾਂਵਾਂ ਵੱਲ ਝੁਕਦੇ
ਮਨ ਦੇ ਪੱਲੜੇ ਨੂੰ ਝੱਲਿਆ
ਉਨਾਂ ਲਈ ਕੰਮ ਕੀਤੇ
ਤੇ ਬਦਲੇ ‘ਚ ਪਿਤਾ ਦੀਆਂ ਝਿੜਕਾਂ ਝੱਲੀਆਂ
ਮਾਂ-
ਕਦੇ ਪਿਉ ਦੀਆਂ ਮਨਮੱਤੀਆਂ ਝੱਲਦੀ
ਕਦੇ ਔਲਾਦ ਦੀਆਂ ਸੁਣਦੀ
ਪਰ ਸਦਾ ਸਬਰ ਦੇ ਬੂਹੇ ਬੰਦ ਹੀ ਰੱਖਦੀ
ਕਿਸੇ ਨੂੰ ਉੱਚਾ ਨਾ ਬੋਲਦੀ
ਉਸਦੇ ਬੋਲ ਨਹੀਂ
ਸਿਸਕੀਆਂ ਹੀ ਸੁਣੀਆਂ ਨੇ ਕੰਧਾਂ ਨੇ
ਕੰਧਾਂ – ਜਿਨਾਂ ਨਾਲ ਉਹ ਕੱਲੀ ਗੱਲਾਂ ਕਰਦੀ
ਕੰਮ ਪਤੀ ਨੇ ਵਾਹਵਾ ਕੀਤਾ
ਦਿਨ ਰਾਤ ਕਦੇ ਨਹੀਂ ਦੇਖਿਆ
ਮੰਨਦੀ ਹਾਂ
ਤੇ ਅੱਗੋਂ ਦੁੱਗਣਾ ਵੀ ਕਰਦੀ ਹਾਂ
ਪੁੱਛਦੀ- ਮੈਂ ਕੀ ਗਲਤੀ ਕੀਤੀ
ਕਿ ਮੇਰਾ ਕੀਤਾ ਸੱਭ ਕੁੱਝ
ਪਤੀ ਦੇ ਕੀਤੇ ਅੱਗੇ ਤੁੱਛ ਹੋ ਜਾਂਦਾ
ਪਿਤਾ ਜੋ ਹੁਣ ਭੁੱਬੀਂ ਰੋਂਦਾ
ਇਕੱਲਾ ਹੋ ਗਿਆ
ਸਾਰੀ ਉਮਰ ਹੁਕਮ ਚੜਾਇਆ ਤੇ ਮਨਵਾਇਆ
ਅੱਜ ਹੁਕਮਰਾਨ ਦਾ ਹੁਕਮ ਇੱਕਲਾ
ਬਿਲਖ ਰਿਹਾ ਹੈ…. … …