ਹੁਣ ਨਾ ਕੋਈ ਰਸਤਿਆਂ ਦੀ ਠੋਕਰਾਂ ਦੀ ਗੱਲ ਕਰ।
ਸਾਹਮਣੇ ਹਨ ਜੋ ਤੂੰ ਉਹਨਾਂ ਮੰਜ਼ਿਲਾਂ ਦੀ ਗੱਲ ਕਰ।
ਉੱਡਦੀ ਹੈ ਰੇਤ ਹੀ ਬਸ ਰੇਤ ਜਿੱਥੇ ਦੂਰ ਤੱਕ,
ਪਿਆਸ ਦੇ ਫੈਲੇ ਹੋਏ ਮਾਰੂਥਲਾਂ ਦੀ ਗੱਲ ਕਰ।
ਵੇਰਵਾ ਨਾ ਪਾ ਤੂੰ ਗੁਆਚੇ ਸੁਫ਼ਨਿਆਂ ਦਾ ਦੋਸਤਾ,
ਸਾਹਮਣੇ ਹਨ ਜਿਹੜੀਆਂ ਉਹ ਮੁਸ਼ਕਿਲਾਂ ਦੀ ਗੱਲ ਕਰ।
ਦਰਦ ਦਾ ਅਹਿਸਾਸ ਮਰ ਜਾਵੇ ਨਾ ਮਨ ਅੰਦਰ ਕਿਤੇ,
ਡਿੱਗਦੇ ਢਹਿੰਦੇ ਹੋਏ ਕੱਚੇ ਘਰਾਂ ਦੀ ਗੱਲ ਕਰ।
ਤਰਦੀਐਂ ਜੋ ਪਾਣੀਆਂ ਵਿਚ ਛੱਡ ਕੇ ਉਹਨਾਂ ਦੀ ਗੱਲ,
ਖ਼ੁਸ਼ਕ ਦਰਿਆਵਾਂ 'ਚ ਖੜ੍ਹੀਆਂ ਕਿਸ਼ਤੀਆਂ ਦੀ ਗੱਲ ਕਰ।