ਹੁਣ ਤੇ ਜੋਹਿਦ ਮੁਕੰਮਲ ਹੋਇਆ ਬਖ਼ਸ਼ ਨਜ਼ਾਰਾ ਕੋਈ ।
ਕਦ ਤਕ ਦਲਦਲ ਵਿਚ ਟੁਰੇਗਾ ਔਗੁਣ ਹਾਰਾ ਕੋਈ ।
ਸਾਂਝਾਂ ਦੀ ਇਸ ਭੀੜ ਦੇ ਅੰਦਰ ਜੀਵਨ ਇੰਜ ਹੰਢਾਇਆ,
ਜੀਵੇਂ ਜੰਗਲ ਦੇ ਵਿਚ ਹੋਵੇ ਲੱਕੜਹਾਰਾ ਕੋਈ ।
ਦਿਲ ਚਾਹਵੇ ਪਈ ਮੈਂ ਵੀ ਸ਼ੌਕ ਦਾ ਅੰਬਰ ਛੂਹ ਕੇ ਆਵਾਂ,
ਜੇ ਚਾਵਾਂ ਦੀ ਪੀਂਘ ਨੂੰ ਦੇਵੇ ਆਸ ਹੁਲਾਰਾ ਕੋਈ ।
ਕਿਰਨਾਂ ਦੇ ਨਾਲ ਲਿਸ ਲਿਸ ਕਰਦੀ ਤੇਰੀ ਸੋਹਣੀ ਚੁੰਨੀ,
ਮੇਰੇ ਲੇਖ ਦੇ ਅੰਬਰ ਹੁੰਦਾ ਜੇ ਕਰ ਤਾਰਾ ਕੋਈ ।
ਥਾਂ ਥਾਂ ਉੱਤੇ 'ਆਤਿਫ਼' ਦਿਲ ਨੇ ਆਪਣੀ ਈਨ ਮਨਾਈ,
ਇਹਦੇ ਵਾਂਗੂੰ ਵੀ ਨਾ ਹੋਵੇ ਆਪ ਮੁਹਾਰਾ ਕੋਈ ।