ਹੁਣ ਤੇ ਲੱਜ ਨਹੀਂ ਪਾਲੀ ਜਾਂਦੀ

ਹੁਣ ਤੇ ਲੱਜ ਨਹੀਂ ਪਾਲੀ ਜਾਂਦੀ, ਕੀਤੇ ਕੌਲ ਕਰਾਰਾਂ ਦੀ ।

ਅਫ਼ਰਾ-ਤਫ਼ਰੀ ਦੇ ਇਸ ਦੌਰ 'ਚ, ਨਿਭ ਨਹੀਂ ਸਕਦੀ ਯਾਰਾਂ ਦੀ ।

ਦੱਸੋ ਲੋਕੋ! ਦੁਨੀਆ ਦਾ ਜੇ ਅਮਨ, ਤਬਾਹ ਨਹੀਂ ਹੁੰਦਾ ਪਿਆ,

ਕਿਉਂ ਮੁੜ ਲਹੂ ਨਾਲ ਲਿੱਖੀ ਜਾਪੇ, ਸੁਰਖ਼ੀ ਅੱਜ ਅਖ਼ਬਾਰਾਂ ਦੀ ।

ਏਸ ਸਦੀ ਦੇ ਲੋਕਾਂ ਨੂੰ ਕੁੱਝ, ਇੰਜ ਮਜਬੂਰੀ ਡੰਗਿਆ ਏ

ਰੋਂਦੇ ਹੈਨ ਫ਼ਰਿਸ਼ਤੇ ਦੇਖ ਕੇ, ਹਾਲਤ ਖ਼ੁਦਮੁਖ਼ਤਾਰਾਂ ਦੀ ।

ਅੱਜ ਵੀ ਹੀਰਾਂ ਲੁੱਟੀਆਂ ਜਾਵਣ, ਰਾਂਝੇ ਕੰਨ ਫੜਵਾਂਦੇ ਨੇ,

ਅਦਲੀ ਰਾਜੇ ਕੀਮਤ ਨਹੀਂ ਅੱਜ ਪਾਉਂਦੇ ਕੂਕ-ਪੁਕਾਰਾਂ ਦੀ ।

ਜੋਬਨ ਉੱਤੇ ਰੱਤਾ ਨਹੀਂ ਤੇ, ਦਿਲ ਦੇ ਵਿਚ ਉਦਾਸੀ ਏ,

ਮਰਨਿਉਂ! ਕੋਈ ਗੱਲ ਹੀ ਛੇੜੋ, ਸਾਕੀ ਦੀ ਮੈਖ਼ਾਰਾਂ ਦੀ ।

ਆਵਣ ਵਾਲਾ ਵੇਲਾ ਮੈਨੂੰ, ਹੋਰ ਵੀ ਔਖਾ ਦਿਸਦਾ ਏ,

ਹਾਲੇ ਹੋਰ ਵੀ ਵਧਦੀ ਜਾਪੇ, 'ਜ਼ਖ਼ਮੀ' ਅੱਗ ਬਜ਼ਾਰਾਂ ਦੀ ।

📝 ਸੋਧ ਲਈ ਭੇਜੋ