ਹੁਣ ਤੀਕਰ ਜੇ ਰਹਿੰਦਾ ਓਵੇਂ
ਬੰਦਾ ਕੀ ਕੀ ਸਹਿੰਦਾ ਓਵੇਂ
ਚੁੰਮਦਾ ਕੋਈ ਨਈਂ ਮਾਂ ਦੇ ਵਾਂਗੂੰ
ਚੰਨ ਵੀ ਕੋਈ ਨਈਂ ਕਹਿੰਦਾ ਓਵੇਂ
ਤੈਨੂੰ ਚੇਤੇ ਨਾ ਕਰਦਾ ਪਰ
ਦਿਨ ਵੀ ਨਈਂ ਨਾ ਲਹਿੰਦਾ ਓਵੇਂ
ਦੁੱਖਾਂ ਐਵੇਂ ਤਾਂ ਢਾਇਆ ਏ
ਮੈਂ ਜੋ ਨਈਂ ਸਾਂ ਢਹਿੰਦਾ ਓਵੇਂ
ਯਾਦ ਈ ਇੱਕ ਦਰਿਆ ਹੁੰਦਾ ਸੀ
ਅਜ-ਕਲ੍ਹ ਤੇ ਨਈਂ ਵਹਿੰਦਾ ਓਵੇਂ
ਦਿਲ ਚਾਹੁੰਦਾ ਸੀ ਜਿਸਰਾਂ ਸਾਹਵੇਂ
ਇੱਕ ਵਾਰੀਂ ਤੇ ਬਹਿੰਦਾ ਓਵੇਂ
‘ਸੰਧੂ’ ਲੋਕੀਂ ਜਿਸਰਾਂ ਡਾਂਹਦੇ
ਸ਼ਿਅਰ ਨੂੰ ਸਿਰ ਨਈਂ ਡਹਿੰਦਾ ਓਵੇਂ