ਹੁਣ ਤੂੰ ਆਪ ਵਿਚਾਰ ਲਈਂ

ਹੁਣ ਤੂੰ ਆਪ ਵਿਚਾਰ ਲਈਂ, ਚੰਗੀਆਂ ਨੇ ਜਾਂ ਬੁਰੀਆਂ ਨੇ । 

ਗੱਲਾਂ ਸਾਡੇ ਪਿਆਰ ਦੀਆਂ, ਹਰ ਮਹਿਫਿਲ ਵਿਚ ਤੁਰੀਆਂ ਨੇ ।

ਮਿੱਠੇ ਬੋਲ ਨੇ ਬੁਲ੍ਹਾਂ ਤੇ, ਅੰਦਰਵਾਰ ਕੁੜਿਤਣ ਹੈ, 

ਭੋਲੇ ਭਾਲੇ ਚਿਹਰੇ ਹਨ, ਬਗਲਾਂ ਦੇ ਵਿਚ ਛੁਰੀਆਂ ਨੇ ।

ਸ਼ੇਖਾ ਠੇਕੇ ਵਿਚ ਆ ਕੇ, ਤੋਬਾ, ਦੀ ਗਲ ਕਰਦੇ ਕਿਉਂ ? 

ਏਸ ਖ਼ੁਦਾਈ ਮਹਿਫਲ ਵਿਚ, ਇਹ ਗੱਲਾਂ ਬੇ-ਸੁਰੀਆਂ ਨੇ ।

ਫੁਲ ਕਿਰਦੇ ਨੇ ਮੂੰਹ ਵਿਚੋਂ, ਦਿਲ ਦੀ ਕੌੜ ਗਈ ਤੇਰੀ 

ਬੁੱਲਾਂ ਦੀ ਮੁਸਕਾਨ ਅੰਦਰ, ਕਿੱਦਾਂ ਝਿੜਕਾਂ ਖੁਰੀਆਂ ਨੇ ।

ਇਕ ਮੰਜ਼ਿਲ ਤੇ ਪੁੱਜਕੇ ਤੂੰ ਸਮਝ ਨ ਮੰਜ਼ਿਲ ਮਾਰ ਲਈ 

ਪੁਰੀਆਂ ਪਿਛੇ ਪੁਰੀਆਂ ਸਨ, ਪੁਰੀਆਂ ਅੱਗੇ ਪੁਰੀਆਂ ਨੇ ।

ਚੁੱਪ-ਚੁਪੀਤਾ ਫਿਰਦਾ ਸੀ, ਰਿੰਦ ਹੈ ਸੀ ਗ਼ਮਗੀਨ ਬੜਾ 

ਠੇਕੇ ਆ ਕੇ ਉਸਨੂੰ ਪਰ, ਫੁਰ ਫੁਰ ਗੱਲਾਂ ਫੁਰੀਆਂ ਨੇ।

ਗੁੱਸੇ ਵਿਚ ਹਰਦਮ ਰਹਿਕੇ, ਨਢਾ ਬੁੱਢਾ ਲਗਦਾ ਹੈ 

ਵੱਟ ਨੇ ਮੱਥੇ ਦੇ ਉੱਤੇ, ਚਿਹਰੇ ਉਤੇ ਝੁਰੀਆਂ ਨੇ ।

ਇਹ ਹਾਲਤ ਹੈ ਕੀ ਹਾਲਤ, ਇਹ ਮੌਸਮ ਹੈ ਕੀ ਮੌਸਮ 

ਕਿੱਦਾਂ ਨਿੰਬੂ ਨਿਚੁੜੇ ਹਨ, ਕਿੱਦਾਂ ਛਲੀਆਂ ਭੁਰੀਆਂ ਨੇ।

ਖ਼ੈਰ ਨਹੀਂ ਮੇਰੇ ਦਿਲ ਦੀ, ਖ਼ੂਨ ਇਸਦਾ ਹੋ ਜਾਏਗਾ 

ਉਹ ਪਲਕਾਂ ਵੀ ਨਸ਼ਤਰ ਹਨ, ਉਹ ਨਜ਼ਰਾਂ ਵੀ ਛੁਰੀਆਂ ਨੇ ।

ਮੇਰੇ ਮਰਨ ਤੇ ਗੈਰਾਂ ਦਾ, ਰੋਣਾ ਵੀ ਖੁਸ਼ ਹੋਣਾ ਹੈ 

ਇਹ ਰੋਣਾ ਹੈ ਇਉਂ ਜਿਦਾਂ, ਕੁੜੀਆਂ ਸੌਹਰੀਂ ਤੁਰੀਆਂ ਨੇ । 

ਰੰਗ ਉਲਫ਼ਤ ਦੇ 'ਹਮਦਰਦਾ', ਸਭ ਰੰਗਾਂ ਤੋਂ ਨਿਆਰੇ ਹਨ 

ਸਰਦੀ ਵਿਚ ਗਰਮਾਇਸ਼ ਹੈ, ਗਰਮੀ ਵਿਚ ਠੁਰਠੂਰੀਆਂ ਨੇ ।

📝 ਸੋਧ ਲਈ ਭੇਜੋ