ਹੁਨਰ ਹੈ ਜੇ ਤੇਰੇ ਹੱਥੀਂ

ਹੁਨਰ ਹੈ ਜੇ ਤੇਰੇ ਹੱਥੀਂ ਤਾਂ ਮਿੱਟੀ ਦੇ ਬਣਾ ਦੀਵੇ। 

ਬੁਝੇ ਦਿਲ ਫੇਰ ਰੌਸ਼ਨ ਕਰ ਕਿ ਦੀਵੇ ਤੋਂ ਜਗਾ ਦੀਵੇ। 

ਨਿਰੀ ਮਾਲਾ ਧਿਆਵਣ ਨਾਲ ‘ਨ੍ਹੇਰੇ ਮਿਟ ਨਹੀਂ ਸਕਣੇ, 

ਤੂੰ ਪੂਜਾ ਦੀਵਿਆਂ ਦੀ ਕਰ ਵਿਹਾਰ ਅੰਦਰ ਧਿਆ ਦੀਵੇ। 

ਤੂੰ ਕਹਿ ਦੇ ਮੰਗਤਿਆਂ ਨੂੰ ਰੌਸ਼ਨੀ ਮੰਗਿਆਂ ਨਹੀਂ ਮਿਲਦੀ, 

ਕਲਾ ਦੇ ਨਾਲ ਘੜ ਪੱਥਰ ਤੇ ਮਿੱਟੀ ਦੇ ਬਣਾ ਦੀਵੇ

ਹਨੇਰੇ ਵਿਚ ਜੋ ਡੁੱਬ ਚੁੱਕੇ ਉਨ੍ਹਾਂ ਨੂੰ ਰੌਸ਼ਨੀ ਦੇ ਦੇ 

ਲੋਕਾਈ ਨੂੰ ਤੂੰ ਚੇਤੰਨ ਕਰ ਤੇ ਚਿੰਤਨ ਦੇ ਜਗਾ ਦੀਵੇ

ਸਿਖਾ ਲੋਕਾਂ ਨੂੰ ਦੀਵੇ ਕਿਸ ਤਰ੍ਹਾਂ ਬੁੱਕਲੀਂ ਬਚਾਉਣੇ ਨੇ, 

ਕਿਤੇ ਝੱਖੜ, ਕਿਤੇ ਵਰਖਾ ਤੇ ਬਿਜਲੀ ਤੋਂ ਬਚਾ ਦੀਵੇ। 

ਪਵੇ ਦੇਣਾ ਜੇ ਦਿਲ ਦਾ ਖ਼ੂਨ ਵੀ ਤਾਂ ਦੇ ਦਿਓ ਲੋਕੋ, 

ਬਿਗਾਨੇ ਤੇਲ ਦੀ ਨਾ ਆਸ ਤੇ ਲੈਣੇ ਬੁਝਾ ਦੀਵੇ

ਇਨ੍ਹਾਂ ਮੜ੍ਹੀਆਂ ਤੇ ਕਰਕੇ ਰੌਸ਼ਨੀ ਰੌਸ਼ਨ ਹੈ ਕੀ ਕਰਨਾ

ਹਨ੍ਹੇਰੇ ਵਿੱਚ ਜੋ ਡੁੱਬੇ ਘਰ ਤੂੰ ਉਨ੍ਹਾਂ ਵਿੱਚ ਸਜਾ ਦੀਵੇ। 

ਅਕੀਦਤ ਹੈ ਤੇਰੀ ਜੇ ਸਿਦਕ' ਨ੍ਹੇਰੇ ਨੂੰ ਮਿਟਾਵਣ ਦੀ, 

ਤੂੰ ਅਪਣੇ ਸ਼ੇਅਰਾਂ ਵਿੱਚ ਲਿਖ ਦੇ ਸਦਾ ਦੀਵੇ, ਸਦਾ ਦੀਵੇ।

📝 ਸੋਧ ਲਈ ਭੇਜੋ