ਹੁਣੇ-ਹੁਣੇ ਆਇਆ ਹਾਂ ਓਥੋਂ

ਹੁਣੇ-ਹੁਣੇ ਆਇਆ ਹਾਂ ਓਥੋਂ

ਜਿੱਥੇ ਕਿਤੇ-ਕਿਤੇ

ਮੇਰੇ ਬੋਹੜ ਪਿੱਪਲ ਖੜੇ

ਅਜੇ ਵੀ ਉਡੀਕਦੇ ਹਨ ਮੈਂਨੂੰ

ਮਿੱਟੀ ਉਡ-ਉਡ

ਚਾਅ ਨਾਲ ਗਲ ਲੱਗੀ

ਕਹਿੰਦੀ ਐਤਕੀਂ ਲੈ ਚਲ ਮੈਂਨੂੰ ਵੀ ਨਾਲ

ਮੇਰਾ ਵੀ ਨਹੀਂ ਹੁਣ ਤੇਰੇ ਬਗੈਰ ਕੁਝ ਲੱਗਦਾ

ਕੋਈ ਨਹੀਂ ਰਿਹਾ ਹੁਣ ਤੇਰੇ ਵਰਗਾ

ਦਿਲ ਦੀ ਪੁੱਛਦਾ ਦਿਲ ਦੀ ਕਰਦਾ

ਚੰਦਰਿਆ ਆਪ ਤਾਂ ਮੁੜ ਜਾਨਾ

ਸਾਡੇ ਕਰੇਦ ਕੇ 'ਕੱਲੇ ਛੱਡ ਜਾਨਾ ਜ਼ਖਮ

ਬਾਅਦ ਦਸ ਕਿਹਦੇ ਗਲ ਲੱਗ ਲੱਗ ਰੋਣ ਇਹ ਬੂਹੇ

ਕਿਹਦੇ ਜੋਗੀਆਂ ਸੁੰਨੀਆਂ ਰਾਤਾਂ

ਚੁੰਨੀਆਂ ਦੇ ਹੰਝੂਆਂ ਨਾਲ ਨੁੱਚੜਦੇ ਲੜਾਂ ਕੋਲ

ਕਿੱਥੇ ਹੁੰਦੇ ਨੇ ਮੋਢਿਆਂ ਤੇ ਰੱਖਣ ਵਰਗੇ ਧਰਵਾਸ

ਰਾਹਾਂ ਕੋਲ ਕਿੱਥੇ ਬਚਦੀਆਂ ਨੇ

ਥੱਕੇ ਹੋਏ ਪੈਂਡਿਆਂ ਲਈ ਕੋਸੀਆਂ-ਕੋਸੀਆਂ ਟਕੋਰਾਂ

ਦਰਾਂ ਨੇ ਦੁੱਖ ਸੁੱਖ ਫਰੋਲੇ

ਘਰ ਨੇ ਬਾਤਾਂ ਸੁਣਾਈਆਂ ਰਾਜੇ ਰਾਣੀ ਦੀਆਂ

ਚਿਰਾਂ ਤੋਂ ਸੁੰਨੇ ਬਨੇਰੇ ਨੇ ਵੀ ਓਸ ਦਿਨ ਕਾਂ ਉਡਾਏ

ਘਰ ਦਾ ਉਜੜਿਆ ਸੰਸਾਰ ਪਲ ਭਰ ਲਈ

ਹੰਝੂਆਂ ਦੇ ਗੀਤਾਂ ਨਾਲ ਵਸਿਆ ਹਸਿਆ

ਬੇਰੀ ਤੇ ਓਦਣ ਫਿਰ ਤੋਤੇ ਗਏ ਸਨ

ਟੁੱਕਣ ਲਗ ਪਏ ਸਨ ਦੋ ਚਾਰ ਲਗੇ ਅਮਰੂਦ

ਨੇੜੇ ਲਾਏ ਮੇਰੇ ਅਮਰੂਦ ਤੋਂ

ਨਲਕੇ ਦੀ ਗੁਆਚੀ ਹੱਥੀ ਨਾ ਲੱਭੀ

ਮਾਂ ਦੀ ਘੁੰਮਦੀ ਚੱਕੀ ਨਾ ਦਿਸੀ

ਮਧਾਣੀਆਂ ਕਿੱਥੇ ਘੰਮ-ਘੁੰਮ ਕਰਦੀਆਂ ਨੇ

ਰਬ ਜੇਹੇ ਹੱਥਾਂ ਬਗੈਰ

ਕਦ ਸੂਰਜ ਪੱਕਦੇ ਨੇ

ਸੁਨਹਿਰੀ ਚੰਨ ਤਾਰਿਆਂ ਦੀ ਪਰਾਤ ਬਿਨ

ਕੋਈ ਨਹੀਂ ਡੱਠਦੀ ਪੀੜੀ

ਜਿੰਨਾ ਚਿਰ ਦਾਦੀ ਦਾ ਚਰਖਾ ਨਾ ਘੂਕੇ

ਬੰਦ ਸਕੂਲ 'ਚ ਪਈਆਂ ਰਹਿ ਗਈਆਂ ਪੈੜਾਂ

ਅੱਡੀਆਂ ਚੱਕ-ਚੱਕ ਦੇਖੀਆਂ

ਸਜਾਵਾਂ ਦਿੰਦੇ ਮਾਸਟਰਾਂ ਦੇ ਨਕਸ਼ ਕੱਠੇ ਕੀਤੇ

ਬੰਟੇ ਖੇਡਣ ਲਈ

ਖੁਤੀਆਂ ਦੇ ਨਗਮੇਂ ਗਿਣੇ

ਮਝਾਂ ਗਾਵਾਂ ਦੇ ਸੰਗਲਾਂ 'ਚੋਂ

ਕਏ ਗੀਤ ਮਿਣੇ

ਹਥੀਂ ਲਾਏ ਰੁੱਖਾਂ ਦੇ ਦੁੱਖ ਸੁਣੇ

ਪਿੰਡ ਦੇ ਪਿਆਰ 'ਚੋਂ ਬਚੇ ਚਾਅ ਪੁਣੇ

ਤਸਵੀਰਾਂ ਦੀਆਂ ਤਹਾਂ 'ਚ ਸਾਂਭ-ਸਾਂਭ ਕੇ

ਲੁਕੋ ਕੇ ਲੈ ਆਇਆ ਹਾਂ ਪੰਜਾਬ ਦੀ

ਧੁਦਲ ਦੀ ਸੁਗੰਧ

ਧਰਤ ਕਿ ਜਿੱਥੇ ਕਿ ਦਿਨ ਵੀ

ਮੇਰਾ ਗੀਤ ਨਾ ਵਿਸਰਿਆ

ਦੁਖੀ ਨਾ ਹੋਈ

ਕੋਈ ਵੀ ਰਾਗ ਮੇਰੀ ਤਰਜ਼ ਦੀ

ਗਲਵੱਕੜੀਆਂ 'ਚ ਲੋਹੜੇ ਦੀ ਮਹਿਕ ਸੀ

ਬੋਲਾਂ ਬੇਹੱਦ ਸੀ ਮਿਠਤ

ਸਾਹਾਂ ਨੂੰ ਗਲ ਲੱਗਣ ਦੀ ਕਾਹਲ ਸੀ

ਰਾਤ ਦਿਨ ਇੰਝ ਹਾਲੋ ਬੇਹਾਲ ਸੀ

📝 ਸੋਧ ਲਈ ਭੇਜੋ