ਇਹ ਕੌਣ ਅਜਨਬੀ ਮਿਰੀ ਸੋਚਾਂ 'ਚੋਂ ਵਿਚਰਦਾ।
ਨਾ ਸਾਹਮਣੇ ਆਉਂਦਾ ਹੈ ਨਾ ਕਿਧਰੇ ਹੈ ਦਿਸ ਰਿਹਾ।
ਬਦਲੀਆਂ ਵਿਚੋਂ ਦੀ ਕੁਈ ਮੈਨੂੰ ਰਿਹਾ ਬੁਲਾ,
ਫੁੱਲਾਂ ਦੇ ਉਹਲਿਓਂ ਜਿਵੇਂ ਆਵਾਜ਼ ਮਾਰਦਾ।
ਵਾਦੀ ਨੂੰ ਪੁੱਛਾਂ ਦੱਸਦੀ ਕੁਝ ਵੀ ਤਾਂ ਹੈ ਨਹੀਂ,
ਮੁੜ ਮੁੜਕੇ ਝਰਨਾ ਹੈ ਭਲਾ ਕਿਸਨੂੰ ਨਿਹਾਰਦਾ।
ਕੰਢੇ ਨਹਿਰ ਦੇ ਦੂਰ ਤੋੜੀ ਬਿਰਖ਼ ਹਨ ਖੜੇ,
ਸਾਰਸ ਦਾ ਜੋੜਾ ਰੋਜ਼ ਹੈ ਏਥੋਂ ਦੀ ਗੁਜ਼ਰਦਾ।
ਪੌੜੀ ਤੋਂ ਉੱਤਰਦੇ ਕਿਸੇ ਦੇ ਜਾਪਦੇ ਕਦਮ,
ਦੇਖਾਂ ਉਧਰ ਨੂੰ ਤਾਂ ਦਿਸੇ ਸਾਇਆ ਦੀਵਾਰ ਦਾ।
ਇਹ ਜ਼ਿੰਦਗੀ ਵੀ ਜਿਸ ਤਰ੍ਹਾਂ ਖ਼ੁਸ਼ਬੂ ਦਾ ਹੈ ਲਿਬਾਸ,
ਖ਼ੁਸ਼ਬੂ ਤਰ੍ਹਾਂ ਪਰ ਏਸਨੂੰ ਕੋਈ ਹੀ ਪਹਿਨਦਾ।