ਇਹ ਸ਼ੁਭ ਇੱਛਾਵਾਂ ਮੇਰੀਆਂ ਸਭ ਨੂੰ ਸਵੇਰ-ਸਾਰ।
ਸਭ ਨੂੰ ਮਿਲਣ ਮੁਹੱਬਤਾਂ ਸਭ ਨੂੰ ਮਿਲੇ ਪਿਆਰ।
ਨਿਕਲੇ ਸਕੂਲ ਜਾਣ ਨੂੰ ਬੱਚੇ ਜਦੋਂ ਘਰੇ,
ਫੁੱਲਾਂ ਦੇ ਨਾਲ ਭਰ ਗਿਆ ਬੇ-ਰੌਣਕਾ ਬਾਜ਼ਾਰ।
ਬਾਰਸ਼ ਦੇ ਪਿੱਛੋਂ ਜਿਸ ਤਰ੍ਹਾਂ ਸਤਰੰਗੀ ਚੜ੍ਹ ਗਈ,
ਹਾਸਾ ਵੀ ਉਸਦੇ ਆ ਗਿਆ, ਬੁੱਲਾਂ ਤੇ, ਰੋਣ-ਸਾਰ।
ਤੂੰ ਬਿਨ ਬੁਲਾਏ, ਲੰਘਿਓਂ ਜਿਸ ਦਿਨ ਦਾ ਕੋਲ ਦੀ,
ਨਾ ਦਿਨ ਨੂੰ ਮੇਰੇ ਚੈਨ ਹੈ, ਨਾ ਰਾਤ ਨੂੰ ਕਰਾਰ।
ਤੂੰ ਜ਼ਿੰਦਗੀ 'ਚ ਰੰਗ ਭਰ ਦੇ ਹੋਰ ਕੁਝ ਨਹੀਂ,
ਤੇਰੇ ਲਈ ਵੀ ਲੋਕ ਕੁਛ ਸੂਲੀ ਚੜ੍ਹੇ ਸੀ ਯਾਰ।
ਪਹਿਲਾਂ ਹੀ ਜ਼ਖ਼ਮੀ ਹੈ ਬੜੀ ਇਸ ਦੀ ਹਰੇਕ ਇੱਟ,
ਨਾ ਹੋਰ ਕੰਧਾਂ ਮੇਰੀਆਂ ਤੇ ਲਾਓ ਇਸ਼ਤਿਹਾਰ।