ਇਹ ਸੋਚ ਡਰ ਨੇ ਜਾਂਦੀਆਂ

ਇਹ ਸੋਚ ਡਰ ਨੇ ਜਾਂਦੀਆਂ ਛੱਤਾਂ ਘਰਾਂ ਦੀਆਂ।

ਕਰਦੀ ਹੈ ਪੌਣ ਸਾਜ਼ਸ਼ਾਂ ਕਿਸ ਕਿਸ ਤਰ੍ਹਾਂ ਦੀਆਂ।

ਮੈਂ ਤਾਂ ਸੀ ਰਾਤ ਕੱਟਣੀ, ਪਰ ਇਹ ਸੀ ਕੀ! ਪਤਾ,

ਕਾਤਲ ਦੇ ਘਰ ਨੂੰ ਖਹਿੰਦੀਆਂ ਕੰਧਾਂ ਸਰਾਂ ਦੀਆਂ।

ਲੱਗਾ ਪਤਾ ਤਬਾਹੀਆਂ ਝੱਖੜ ਕੀਹ ਕੀਤੀਆਂ,

ਕਰਦੇ ਬਿਰਖ਼ ਗੱਲਾਂ ਸੁਣੇ ਟੁੱਟੇ ਪਰਾਂ ਦੀਆਂ।

ਹਿੱਲਦੇ ਅਜੀਬ ਢੰਗ ਨਾ’ ਪਰਦੇ ਹਵਾ ਦੇ ਨਾਲ,

ਮਹਿਫ਼ਲ 'ਚ ਗੱਲਾਂ ਤੇਰੀਆਂ ਜਦ ਸਰ-ਸਰਾਂਦੀਆਂ।

ਇਕ ਚੰਦ ਬਣ ਖਿੜੇ ਤਿਰਾ ਚਿਹਰਾ ਹੈ ਆਸਮਾਨ,

ਰਾਤਾਂ ’ਚ ਅੱਖਾਂ ਤੇਰੀਆਂ ਦੀਵੇ ਜਗਾਂਦੀਆਂ।

ਮਕਤਲ ਤਿਰਾ ਹਿਸਾਬ ਸੀ, ਜੀਵਨ ਮਿਰਾ ਯਕੀਨ,

ਡਰੀਆਂ ਸਲੀਬਾਂ, ਕਿਸ ਤਰ੍ਹਾਂ ਮੈਨੂੰ ਡਰਾਂਦੀਆਂ।

ਕੁਝ ਦੁੱਖ, ਰੁੱਖ, ਬਾਲ ਤੇ ਆਸਾਂ ਦੇ ਤਬਸਰੇ,

ਹੁੰਦੀਆਂ ਇਹੋ ਨਿਸ਼ਾਨੀਆਂ ਵੱਸਦੇ ਘਰਾਂ ਦੀਆਂ।

📝 ਸੋਧ ਲਈ ਭੇਜੋ