ਇੱਕ ਅੱਖਰ - ਮੈਂ (ਹਉਮੈ)

ਇੱਕ ਅੱਖਰ ਇਸ ਮੈਂ ਨੇ ਮੇਰੀ

ਐਸੀ ਹੋਸ ਭੁਲਾਈ ।

ਦਿਨ ਰਾਤ ਫਿਰਾਂ ਮੈਂ ਮੈਂ ਕਰਦਾ

ਮੈਂ ਦੀ ਸਮਝ ਨਾ ਆਈ ।

ਬੱਕਰਾ ਫਿਰੇ ਜੇ ਮੈਂ ਮੈਂ ਕਰਦਾ

ਲਾਹ ਦੇਣ ਧੌਣ ਕਸਾਈ।

ਮੈਂ ਫਿਰਾਂ ਮੈਂ ਮੈਂ ਕਰਦਾ

ਗਿੱਠ ਭਰ ਧੌਣ ਵਧਾਈ।

ਜੰਗਲ ਫਿਰੇ ਜੇ ਮੇਮਣਾ

ਮੈਂ ਮੈਂ ਕਰੇ ਦੁਹਾਈ।

ਨਾ ਸਮਝ ਨੀ ਜਾਣਦਾ

ਕਰ ਮੈਂ ਮੈਂ ਮੌਤ ਬੁਲਾਈ।

ਕਈ ਆਏ ਕਈ ਚਲੇ ਗਏ

ਮੈਂ ਮੈਂ ਕਰ ਦੁਹਾਈ।

ਮੈਂ ਮੈਂ ਕਰਦੇ ਮਰ ਮਿਟੇ

ਪਰ ਮੈਂ ਨੂੰ ਮੌਤ ਨਾ ਆਈ।

ਮੈਂ ਫਿਰਾਂ ਮੈਂ ਵਿਚ ਭਰਿਆ

ਉੱਚੀ ਨਜ਼ਰ ਉਠਾਈ।

ਕਈ ਥਾਂ ਇਸ ਮੈਂ ਨੇ ਮੇਰੀ

ਬਣਦੀ ਬਣਤ ਬਣਾਈ।

ਇਸ ਮੈਂ ਤੋਂ ਦੁੱਖੀ ਹੋ ਕੇ ਮੈਂ

ਲੱਗਾ ਮੈਂ ਦੀ ਕਰਨ ਸਫ਼ਾਈ।

ਸੋਚ-ਸੋਚ ਹਾਰ ਗਿਆ

ਪਰ ਕੁੱਛ ਵੀ ਸਮਝ ਨਾ ਆਈ।

ਇਸ ਮੈਂ ਨੂੰ ਮਾਰਨ ਦੀ ਮੈਂ

ਕਈ ਵਾਰ ਵਿਉਂਤ ਬਣਾਈ।

ਆਪ ਡਿੱਗਾ ਖਾ ਖਾ ਚੋਟਾਂ

ਪਰ ਮੈਂ ਨੂੰ ਆਂਚ ਨਾ ਆਈ।

ਕੀਲ ਪਟਾਰੀ ਮੈਂ ਨੂੰ ਪਾ ਲਾਂ

ਬਣ ਜੋਗੀ ਬੀਨ ਵਜਾਈ।

ਫਨ ਤਾਣ ਸੱਪ ਖੜ ਗਿਆ ਆ ਕੇ

ਮੇਰੀ ਨਾਨੀ ਯਾਦ ਕਰਾਈ।

ਫਿਰ ਲੈ ਮਿਰਚਾਂ ਕੌੜੀਆਂ ਮੈਂ

ਐਸੀ ਧੂਣੀ ਪਾਈ।

ਖੰਘ ਖੰਘ ਅੱਖੀਆਂ ਰੋਈਆਂ

ਮੇਰੀ ਅਕਲ ਟਿਕਾਣੇ ਆਈ।

ਹਾਰ ਥੱਕ ਬੈਠਾ ਰੱਬ ਦੇ ਚਰਨੀ

ਰੱਬ ਵਿਚ ਸੁਰਤ ਲਗਾਈ।

ਮੈਂ ਮੈਂ ਨਾ ਤੂੰ ਰਿਹਾ

ਮੈਂ ਰੱਬ ਦੀ ਰਹਿਮਤ ਪਾਈ।

ਉਸ ਦਿਨ ਤੋਂ ਮੈਂ ਕੱਢ ਜੁਬਾਨੋਂ

ਗੰਗਾ ਡੁੱਬਕੀ ਲਾਈ।

ਤਨ ਮਨ ਸਭ ਨਿਰਮਲ ਕਰਿਆ

ਮੈਂ ਵੀ ਮਾਰ ਮੁਕਾਈ।

ਧੰਨਵਾਦ ਉਸ ਰੱਬ ਦਾ ਕੀਤਾ

ਜਿਸਨੇ ਮੈਂ ਤੋਂ ਜਾਨ ਛੁਡਾਈ।

ਤੁਸੀਂ ਵੀ ਇਸ ਮੈਂ ਨੂੰ ਛੱਡੋ

ਮੈਂ ਨਾ ਕਿਸੇ ਦੀ ਭਾਈ ।

📝 ਸੋਧ ਲਈ ਭੇਜੋ