ਇਕ ਅੰਞਾਣ ਜਿੰਦੜੀ ਨੂੰ

ਉੱਚੇ ਬ੍ਰਿਛ ! ਮੁਹੱਬਤਾਂ ਮੇਰੀਆਂ ! 

ਲੰਮੇ ਦੇਸ ਝਨਾਂ ਦੀਆਂ ਫੇਰੀਆਂ।

ਭਾਵੇਂ ਰੰਗ ਫ਼ਕੀਰ ਦਾ ਆਪਣਾ, 

ਅੱਖੀਂ ਈਦ ਤੋਂ ਸੋਹਣੀਆਂ ਤੇਰੀਆਂ।

ਹਰੀ ਟਾਹਣ 'ਤੇ ਪੀਂਘ ਚੜ੍ਹਾਂਦੀਏ, 

ਲਾ ਨਾਂਹ ਨਦੀ ਦੇ ਕੰਢੜੇ ਦੇਰੀਆਂ। 

ਜੀਵੇਂ ਵੇਖ ਨਾਂਹ ਉਮਰ ਦੀ ਪੈੜ ਨੂੰ, 

ਰਮਜ਼ਾਂ ਅਜੇ ਤੂੰ ਖੂਹੇ ਨਾਂਹ ਗੇੜੀਆਂ। 

ਜਗੇ ਸ਼ੁਤਰ-ਸੁਆਰਾਂ ਦੀ ਢੋਕ ਦੀਵਾ, 

ਪੀਲਾਂ ਪੱਕੀਆਂ ਕਿਤੇ ਘਨੇਰੀਆਂ। 

ਜੁਗਨੂੰ ਕੂੰਦਿਆ, ਬਾਗ਼ ਨੇ ਘੇਰੀਆਂ ! 

ਰੁੜੀਆਂ ਨਦੀ ਵਿਚ ਖੰਭਾਂ ਦੀਆਂ ਢੇਰੀਆਂ।

ਲੰਮੀ ਰਾਤ ਝਨਾਂ ਦੀ ਦੇਖ ਲੈ,

ਹੰਝਾਂ ਰੰਗ ਕਸੁੰਭੇ ਨੇ ਕੇਰੀਆਂ।

ਬੈਠ ਏਸ ਬਨੇਰੇ ਨਾਂਹ ਸੋਹਣੀਏਂ,

ਤਿਣਕੇ ਚੁੱਕ ਲੈ ਜਾਸਨ ਹਨੇਰੀਆਂ।

ਚੂੜਾ ਛਣਕਦਾ ਰੰਗਲੀ ਸੇਜ 'ਤੇ, 

ਖੰਡਰ ਸੱਖਣੇ, ਵਜਦੀਆਂ ਭੇਰੀਆਂ। 

ਡਾਢੇ ਉਮਰ ਦੇ ਬਾਜ਼ ਨੂੰ ਰੋਕ ਲੈ, 

ਫ਼ਜਰ-ਚੁੱਪ ਪਾਉਂਦੀ ਘੁੰਮਨਘੇਰੀਆਂ। 

ਕੁੜੇ ਛੇੜ ਨ ਰੰਗ ਕਸੁੰਭ ਦਾ, 

ਸੋਹਣੇ ਬ੍ਰਿਛ 'ਤੇ ਪੈਣ ਹਨੇਰੀਆਂ।

ਚੀਨੇ ਖਿੰਡੇ 'ਤੇ ਹੱਸ ਨਾਂਹ ਸੋਹਣੀਏਂ, 

ਖੇਡਾਂ ਇੰਝ ਹੀ ਖਿੰਡਣ ਨਾਂਹ ਤੇਰੀਆਂ।

ਉੱਚੇ ਬੁਰਜ 'ਤੇ ਕੇਸ ਸੁਕਾਂਦੀਏ, 

ਗੱਲਾਂ ਨਾਲ ਮੁਸਾਫ਼ਰਾਂ ਛੇੜੀਆਂ।

📝 ਸੋਧ ਲਈ ਭੇਜੋ