ਇਕ ਅਣਮੁੱਲੀ ਯਾਦ ਦੀਆਂ

ਇਕ ਅਣਮੁੱਲੀ ਯਾਦ ਦੀਆਂ, ਜਾਗੀਰਾਂ ਟੰਗੀਆਂ ਹੋਈਆਂ ਨੇ ।

ਦਿਲ ਦੀ ਬੈਠਕ ਦੇ ਵਿਚ ਕੁੱਝ, ਤਸਵੀਰਾਂ ਟੰਗੀਆਂ ਹੋਈਆਂ ਨੇ ।

ਸੱਚ ਦੇ ਬੇਸਿਰ ਜੁੱਸਿਆਂ ਤੇ, ਸਿਰ ਮੁੜਕੇ ਪੰਘਰਣ ਲਗ ਪਏ ਨੇ ।

ਕੀ ਹੋਇਆ ਜੇ ਸੂਲੀਆਂ ਤੇ ਤਾਅਜ਼ੀਰਾਂ ਟੰਗੀਆਂ ਹੋਈਆਂ ਨੇ ।

ਕੋਈ ਮੁਸਾਫ਼ਿਰ ਡਰਦਾ ਮਾਰਾ, ਇਸ ਦੀ ਛਾਵੇਂ ਬਹਿੰਦਾ ਨਾ,

ਰੁੱਖ ਦੇ ਟਾਹਣੇਂ-ਟਾਹਣੇਂ ਤੇ, ਜੰਜ਼ੀਰਾਂ ਟੰਗੀਆਂ ਹੋਈਆਂ ਨੇ ।

ਉਦਮੀ ਬੰਦੇ ਅੱਗੇ ਮੰਜ਼ਿਲ, ਆਪੇ ਟੁਰ ਕੇ ਆਉਂਦੀ ਏ,

ਹਿੰਮਤ ਦੀ ਟੀਸੀ ਤੇ ਸਭ, ਤਕਦੀਰਾਂ ਟੰਗੀਆਂ ਹੋਈਆਂ ਨੇ ।

ਨਾਲ ਧਿਆਨ ਪੜ੍ਹੇ ਜੇ ਕੋਈ, ਹੱਕ ਦਾ ਰਸਤਾ ਲੱਭਦਾ ਏ,

ਵਿਚ ਫ਼ਿਜ਼ਾ ਦੇ ਸਭ ਅਜ਼ਲੀ, ਤਹਿਰੀਰਾਂ ਟੰਗੀਆਂ ਹੋਈਆਂ ਨੇ ।

ਐਵੇਂ ਤੇ ਨਹੀਂ ਮਿਲਿਆ ਚਾਨਣ, ਸਾਨੂੰ ਇਹ ਆਜ਼ਾਦੀ ਦਾ,

ਨੇਜਿਆਂ ਉੱਤੇ ਖ਼ੂਨ ਦੀਆਂ, ਤਨਵੀਰਾਂ ਟੰਗੀਆਂ ਹੋਈਆਂ ਨੇ ।

'ਸ਼ੈਦਾ' ਰਾਤ ਦੀ ਕੁੱਖ ਦੇ ਵਿੱਚੋਂ, ਓੜਕ ਸੂਰਜ ਫੁੱਟਦਾ ਏ,

ਖ਼ਾਬਾਂ ਦੀ ਵਲਗਨ ਦੇ ਵਿਚ, ਤਾਅਬੀਰਾਂ ਟੰਗੀਆਂ ਹੋਈਆਂ ਨੇ ।

📝 ਸੋਧ ਲਈ ਭੇਜੋ