ਕਾਲੀਏ ਰਾਤੇ ਮੈਂ ਬਾਰੀ 'ਚ ਬੈਠਾ

ਕਿਧਰ ਸੰਗੀਤ ਤੇਰੇ ਜੋਬਨ ਦਾ ਵਰਸੇ ? 

ਮੈਂ ਰੋਂਦੇ ਸਿਤਾਰੇ ਦੇ ਸਾਹਾਂ ਸੁਣਦਾਂ 

ਤੇਰਾ ਜੋਬਨ ਏ ਐਨਾ ! ਅਸੀਂ ਤਰਸੇ। 

ਖੋਟਾ ਇਹ ਸਾਵਨ ਗ਼ਰੀਬਾਂ ਨੂੰ ਮਾਰੇ 

ਗ਼ਮ ਮੇਰਾ ਅੱਥਰੂ ਦੇ ਪਾਣੀ ਨ ਸਰਸੇ।

ਕਾਲੀਏ ਰਾਤੇ ਮੈਂ ਗਗਨਾਂ ਦਾ ਰਾਹੀ 

ਮੇਘਾਂ 'ਚ ਕੁਚਲੇ ਨੇ ਚਾਨਣ ਹਜ਼ਾਰਾਂ।

ਹੌਕੇ ਜਿਹੇ ਵਿਚ ਜਿੰਦੂ ਦਾ ਮਰਨਾ 

ਮੌਤ ਦੀ ਹੂੰਗਰ ਨੂੰ ਬਿਜਲੀ ਨੇ ਧੂਹਣਾ 

ਕੁਚਲੇ ਹੋਏ ਚਾਨਣ ਦਾ ਮਾਰਨਾ ਮਾਰਾਂ; 

ਅਰਸ਼ਾਂ ਦੇ ਅੰਦਰ ਜਿਉਂ ਕੂਣਾਂ ਪਹਾੜਾਂ 

ਮੈਂ ਸੁਣਦਾ, ਮੈਂ ਵੇਂਹਦਾ ਹਾਂ ਬਾਰੀ 'ਚ ਬੈਠਾ- 

ਸੈਆਂ ਕ੍ਰਾਂਤੀਆਂ ਦੇ ਪਿੱਛੋਂ ਨੀ ਰਾਤੇ 

ਬਾਰੀ ਤੇ ਦਸਤਕ ਆ ਦੇਵਣ ਫ਼ੁਹਾਰਾਂ। 

ਕਾਲੀਏ ਰਾਤੇ ਮੈਂ ਬਾਰੀ 'ਚ ਬੈਠਾ 

ਜ਼ੁਲਫ਼ਾਂ ਦੇ ਉਹਲੇ ਸੁਣਾਂ ਕੁਰਲਾਟਾਂ। 

ਤਿਰੇ ਬੇਸ਼ੁਮਾਰ ਜੋਬਨ ਦੇ ਪੈਰਾਂ ਤੇ ਅੜੀਏ 

ਸਿਸਕਣ ਰਾਹੀਆਂ ਦੀ ਯਾਦਾਂ 'ਚ ਵਾਟਾਂ।

ਸਿਤਾਰੇ ਦੇ ਪੱਥਰ ਨੇ ਲੰਮੀ ਕਹਾਣੀ 

ਯੁਗਾਂ ਦੇ ਸਫ਼ਰਾਂ 'ਚ ਤੁਰੀਆਂ ਨੇ ਰਾਤਾਂ।

ਰਾਤੇ ਮੈਂ ਤੈਂਡਿਆਂ ਰਾਹਾਂ ਦਾ ਬੇਲੀ 

ਕਮਾਦਾਂ ੱਚ ਭਿਜਦੇ ਜਨੌਰਾਂ ਦੇ ਸੁਪਨੇ-

ਸੈਹੇ ਦੇ ਖ਼ਤ ਵਿਚ ਪਰਲੋ ਦਾ ਵਰ੍ਹਨਾ 

ਲੂੰਬੜ ਦੀ ਖੁੱਡ ਵਿਚ ਜਲ ਦੀਆਂ ਮਹਿਕਾਂ 

ਬਘਿਆੜਾਂ ਦੀਆਂ ਅੱਖਾਂ ਵਿਚ ਕਾਮ ਦਾ ਚੜ੍ਹਣਾ 

ਮਾਣਸ ਨੇ ਤੀਵੀਂ ਦੀ ਯਾਦ 'ਚ ਰੋਣਾ— 

ਮੈਂ ਜਾਣਾ ਕਿ ਸਭ ਥਾਂ ਸ੍ਰਿਸ਼ਟੀ ਨੇ ਜਲਣਾ 

ਕਾਲੀਏ ਰਾਤੇ ਪੈਗ਼ੰਬਰ ਦੇ ਵਾਂਗੂੰ 

ਮੈਂ ਜਾਣਾ ਕਿ ਕਿਸ ਥਾਂ ਹੈ ਬ੍ਰਿਹਾ ਨੇ ਹੋਣਾ।

ਰਾਤੇ ਮੈਂ ਤੈਂਡਿਆਂ ਰਾਹਾਂ ਦਾ ਬੇਲੀ, 

ਕਾਲਿਆਂ ਮਿਰਗਾਂ ਦੀ ਜੂਹ 'ਚ ਪਾਣੀ ! 

ਸਿੰਗ ਮਾਸੂਮਾਂ ਦੇ ਰਾਣੀ ਦੇ ਚਰਨੀਂ 

ਸੁਪਨੇ 'ਚ ਝੁਕਦੇ ਨੇ ਰਾਤਾਂ 'ਚ ਜਾਣੀ- 

ਇਹ ਨ੍ਹੇਰੇ ਦੀ ਗਾਰਾਂ 'ਚ ਪਾਣੀ ਦਾ ਵਸਨਾ 

ਸਤਾਉਣਾ ਇਉਂ ਕੁਦਰਤ ਦੇ ਰਿਸ਼ੀਆਂ ਨੂੰ ਆ ਕੇ 

ਵੈਰਾਗਾਂ 'ਚ ਡੁੱਬੀ ਇਹ ਬਾਤ ਪੁਰਾਣੀ। 

ਸੋਹਣੀ ਦਾ ਦੇਸ ਪਰਾਇਆ ਹੈ ਹੋਇਆ

ਬਾਗ਼ਾਂ ਦੀ ਸੁਣਦੇ ਹਾਂ ਹੋਰ ਕਹਾਣੀ।

ਕਾਲੀਏ ਰਾਤੇ ਤੂੰ ਕੇਸਾਂ ਨੂੰ ਧੋ ਧੋ 

ਭਰਿਆ ਏ ਮਿਰਗਾਂ ਦੀ ਜੂਹ 'ਚ ਪਾਣੀ।

ਰਾਤੇ ਮੈਂ ਤੈਂਡਿਆਂ ਰਾਹਾਂ 'ਚ ਜਾਗਾਂ 

ਮਹਾਂ ਤਿਮਰ ਨੂੰ ਜਾ ਵਣ ਵਣ ਪਛਾਣਾਂ। 

ਨ੍ਹੇਰੇ ਦਾ ਜੋਬਨ ਜੋ ਸ਼ਾਖਾਂ 'ਚ ਵਸਦਾ 

ਇਹ ਸਮਿਆਂ ਦੀ ਵਸਤੀ ਦਾ ਚੋਰ ਹੈ ਕੋਈ, 

ਮਹਿਕਾਂ ਨੂੰ ਕੰਧੇ ਤੇ ਚੁੱਕ ਚੁੱਕ ਕੇ ਲਿਆਣਾ। 

ਸ਼ਿਕਵੇ ਤੋਂ ਖ਼ਾਲੀ ਤ੍ਰੇਲਾਂ ਦੀ ਛਣ ਛਣ 

ਆ ਪੱਤਾਂ ਦੇ ਜੋਬਨ 'ਚ ਹੁੰਮ-ਹੁਮਾਈ; 

ਸਹਿਮੇ ਹਨੇਰਾਂ ਨੂੰ ਭਿਉਂ ਭਿਉਂ ਕੇ ਜਾਣਾ। 

ਚੋਰਾਂ ਨੂੰ ਆ ਕੇ ਹੈਰਾਨੀ ਹੀ ਘੇਰੇ 

ਅੰਤਾਂ ਦੀ ਮਿਹਰਾਂ ਦਾ ਭੇਤੀ ਹੋ ਔਣਾ ! 

ਘੁੰਡ ਵਿਚ ਜੋਬਨ ਨੂੰ ਸਮਝਣ ਵਾਲਾ 

ਮਿੱਠਾ ਜਿਹਾ ਕੋਈ ਭਰਮ ਨਿਆਣਾ- 

ਸੰਗੀਤਾਂ ਦੇ ਜਾਦੂ ਦੇ ਪਹਿਰੇ 'ਚ ਆਇਆ 

ਕਾਇਨਾਤ ਹਨ੍ਹੇਰੇ ਨੂੰ ਲੱਗੇ ਅੰਞਾਣੀ।

ਕਾਲੀਏ ਰਾਤੇ ਮੈਂ ਬਾਰੀ 'ਚ 'ਚ ਬੈਠਾ 

ਮੈਂ ਤੀਵੀਂ ਦੇ ਅੰਗਾਂ ਦੇ ਸੁਪਨੇ ਪਛਾਣਾਂ। 

ਮੈਂ ਦਿਲ ਦੀਆਂ ਲਹਿਰਾਂ ਨੂੰ ਮੁੱਠੀ 'ਚ ਘੁੱਟਾਂ 

ਮੈਂ ਤੀਵੀਂ ਦੇ ਅੰਗਾਂ ਦਾ ਰਾਜ਼ ਨ ਜਾਣਾਂ। 

ਅੰਗਾਂ ਦੀ ਮਹਿਕ ਤਾਂ ਬਕਬਕੀ ਤੱਤੀ 

ਕਾਮ-ਤ੍ਰਿਸ਼ਨਾ 'ਚ ਜੀਵਨ ਮੈਂ ਮਾਣਾਂ।

ਰਾਤੇ ਮੈਂ ਤੈਂਡਿਆਂ ਰਾਹਾਂ ਦਾ ਭੇਤੀ 

ਮੀਹਾਂ 'ਚ ਭਿੱਜੇ ਮੈਂ ਸਾਹਾਂ ਨੂੰ ਚੁੰਮਾਂ।

ਰੂਹ ਦੇ ਪਤਾਲਾਂ ਦੇ ਭੇਤਾਂ ਨੂੰ ਦੱਸਣ 

ਮੇਰੀ ਇਹ ਬਸਤੀ 'ਚ ਆਏ ਨੇ ਦੂਰੋਂ 

ਮੈਂ ਯਾਰਾਂ ਦੇ ਕਾਸਿਦ ਦੇ ਰਾਹਾਂ ਤੇ ਵਿਛਿਆ 

ਮੈਂ ਉਸਦੀ ਪਛਾਣੀ ਏ ਨਜ਼ਰ ਹੀ ਦੂਰੋਂ। 

ਕਾਲੀਏ ਰਾਤੇ ਮੈਂ ਬਾਰੀ 'ਚ ਬੈਠਾ 

ਮੇਰੀ ਵੀ ਸੋਹਣੀ ਦਾ ਕਾਲਾ ਏ ਬਾਣਾ। 

ਨ੍ਹੇਰੇ ਦਾ ਲੱਖਾਂ ਝਨਾਵਾਂ ਤੋਂ ਅੱਗੇ 

ਲੱਖਾਂ ਹੀ ਵਰ੍ਹਿਆਂ ਦਾ ਬ੍ਰਿਛ ਪੁਰਾਣਾ- 

ਵਸਦਾ ਏ ਜਿੱਥੇ ਕਿ ਸੁੱਤੀ ਉਹ ਸੋਹਣੀ 

ਪਹਿਰਾ ਕੋਈ ਦਿੰਦਾ ਏ ਨਾਗ ਸਤਾਣਾ। 

ਫੁੰਕਾਰਾ ਜੋ ਮਾਰੇ ਮੈਂ ਜਾਨ ਨਾ' ਲਾਵਾਂ 

ਸੁੱਟ ਮਣੀ, ਨ ਉਹ ਚੁੱਕੇ ਨਿਤਾਣਾ। 

ਰਾਤੇ ਮੈਂ ਤੈਂਡਿਆਂ ਰਾਹਾਂ ਦਾ ਬੇਲੀ 

ਪਾਣੀ ਦੇ ਜੌਬਨ 'ਚ ਸਾਂਵਲਾ ਸਾਵਨ।

ਹੋਈ ਭੱਜ ਗਗਨ ਦੇ ਪਹਾੜਾਂ ਦੇ ਉਹਲੇ 

ਦੂਰ ਬੱਦਲੀ ਇਕ ਬਿਜਲੀ ਦੇ ਲਹਿੰਗੇ ਵਾਲੀ, 

ਚੱਲੀ ਏ ਯਾਰਾਂ ਦੀ ਖ਼ੈਰ ਮਨਾਵਣ। 

ਜੋਬਨ ਦੇ ਵਾਣ ਲੈ ਰਾਤ ਹੈ ਫਿਰਦੀ, 

ਹਿਜਰ ਦੀ ਨੀਂਦਰ ਦੀ ਅਲਖ ਮੁਕਾਵਣ।

ਕੰਵਲਾਂ ਜਿਹੀ ਨੀਂਦਰ ! ਸ਼ੈਦਾਈ ਰਾਤਾਂ !

ਕੇਸਾਂ ਦੇ ਸੁੱਤੇ ਹੁਸਨ ਨੂੰ ਰੁਲਾਵਣ- 

ਧੂਹ ਧੂਹ ਕੇ ਕੇਸਾਂ ਦੀ ਸਾਰੀ ਜੁਆਨੀ 

ਕਾਲੀਆਂ ਰਾਤਾਂ ਤਾਂ ਕਹਿਰ ਕਮਾਵਣ।

ਝਾਂਜੇ ਚਲੇ ਗਏ ਪਿਆਰੀ ਤੇ ਵਰ੍ਹ ਵਰ੍ਹ

ਸੂਰਜ ਨ ਆਇਆ ਏ ਕੇਸ ਸੁਕਾਵਣ ।

ਤੇਰੇ ਤਾਂ ਜੋਬਨ ਦੀ ਸਾਰ ਨ ਮੈਨੂੰ 

ਮੈਂ ਹੰਝਾਂ ਦੇ ਪਾਣੀ ਨੂੰ ਆਇਆਂ ਸਤਾਵਣ। 

ਚਾਰਾ ਵੀ ਹੈ ਕੋਈ ਗ਼ਰੀਬਾਂ ਦਾ ਲੋਕੋ

ਹਰਫ਼ ਨ ਲੱਭਣ ਤਾਂ ਅੱਥਰੂ ਆ ਜਾਵਣ।

ਕਾਲੀਏ ਰਾਤੇ ਮੈਂ ਬਾਰੀ 'ਚੋਂ ਦੇਖਾਂ

ਨ੍ਹੇਰੇ ਦੇ ਉੱਠਣ ਤੂਫ਼ਾਨ ਹਜ਼ਾਰਾਂ।

ਇਉਂ ਬੇਮੁਹਾਰੇ ਫ਼ੌਜਾਂ ਦਾ ਚੜ੍ਹਨਾ !

ਕਿਹੜੇ ਇਹ ਦੇਸ਼ 'ਚ ਤੁਰੀਆਂ ਨੇ ਵਾਰਾਂ ? 

ਮੀਹਾਂ ਦੀ ਛੱਲਾਂ 'ਚ ਭਿੱਜਦੇ ਹੀ ਜਾਣਾ 

ਧੁੰਮ੍ਹ ਜਨੂੰਨ ਦੀਆਂ ਚੜ੍ਹੀਆਂ ਨੇ ਧਾੜਾਂ।

ਕਿੱਥੇ ਕੁ ਰਣ ਜੀਨ੍ਹੇ ਖ਼ੂਨ ਨੂੰ ਪੀਣਾ,

ਅੱਗ ਦੀ ਪੌਣਾਂ 'ਚ ਮੌਤ ਫੁੰਕਾਰਾਂ ? 

ਮਹਿਕਾਂ ਇਹ ਦੱਸਣ : ਕੋ ਰਾਖਸ਼ ਦੀ ਹੋਣੀ

ਛਾਨਣੀ ਹੋ ਜਾਣਾ ਲੋਹ ਦੇ ਮੀਨਾਰਾਂ।

ਤੈਂਡਿਆਂ ਨੈਣਾਂ 'ਚ ਤਾਰੇ ਦੇ ਪਾਣੀ 

ਰਾਤੇ ਨੀ ਸਾਹਾਂ 'ਚ ਲੱਖ ਹਬਕਾਰਾਂ। 

ਮੈਂ ਫੜਣ ਤੂਫ਼ਾਨਾਂ ਦੀ ਵਾਗਾਂ ਨੂੰ ਆਇਆ 

ਕਿਹੜੇ ਜੀ ਦੇਸ 'ਚ ਜਾਣਾ ਸੁਆਰਾਂ ?

ਕਾਲਿਆਂ ਵੇਸਾਂ 'ਚ ਜਾਂਦੇ ਸਿਪਾਹੀਓ

ਰਾਹਾਂ ੱਚ ਵਣ ਇਕ ਨਦੀਆਂ ਦੇ ਪਾਰਾਂ-

ਉੱਤਰ ਵੱਲ ਕਰ ਪੈਹਾ ਕਿ ਜਿੱਥੇ,

ਟੂਣੇਂ ਕਰੇਂਦੀਆਂ ਸੋਹਣੀਆਂ ਨਾਰਾਂ।

ਪੈਹੇ ਦੀ ਹੱਦ ਨੂੰ ਚੁੰਮ ਕੇ ਜਾਣਾ

ਡੂੰਘਿਆਂ ਪਿੰਡਾਂ ਚ ਮੋੜ ਮੁਹਾਰਾਂ।

ਸਿਪਾਹੀ ਹੋ ਦੇਖਣ ਨੂੰ ਦਿਲ ਦੇ ਸੌਦਾਗਰ 

ਦੇਣੀਆਂ ਸਾਂਵਲ ਨੂੰ ਸਾਡੀਆਂ ਸਾਰਾਂ।

ਸਾਵਣ ਦੀ ਯਾਦਾਂ 'ਚ ਲੱਖਾਂ ਛਲਾਵੇ

ਝਲਕ ਕੇ ਲਹਿਰਾਂ 'ਤੇ ਛਿਪਣ ਬਹਾਰਾਂ।

📝 ਸੋਧ ਲਈ ਭੇਜੋ